ਬਾਸੇਲ: ਚੋਟੀ ਦੇ ਭਾਰਤੀ ਸ਼ਟਲਰ ਕਿਦਾਂਬੀ ਸ਼੍ਰੀਕਾਂਤ ਅਤੇ ਨੌਜਵਾਨ ਖਿਡਾਰੀ ਪ੍ਰਿਯਾਂਸ਼ੂ ਰਾਜਾਵਤ ਬੀਡਬਲਿਊਐਫ ਸਵਿਸ ਓਪਨ, ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਏ ਹਨ। ਵਿਸ਼ਵ ਦੇ 27ਵੇਂ ਨੰਬਰ ਦੇ ਖਿਡਾਰੀ ਸ਼੍ਰੀਕਾਂਤ ਨੇ 10ਵੇਂ ਨੰਬਰ ਦੇ ਮਲੇਸ਼ੀਆ ਦੇ ਲੀ ਜੀ ਜਿਆ ਨੂੰ ਸਿਰਫ਼ 36 ਮਿੰਟਾਂ ਵਿੱਚ ਸਿੱਧੇ ਸੈੱਟਾਂ ਵਿੱਚ 21-16, 21-15 ਨਾਲ ਹਰਾਇਆ।
ਦੂਜੇ ਪਾਸੇ ਰਾਜਾਵਤ ਨੇ ਵਿਸ਼ਵ ਦੇ 33ਵੇਂ ਨੰਬਰ ਦੇ ਖਿਡਾਰੀ ਚੀਨ ਦੇ ਲੇਈ ਲੈਂਕਸੀ ਨੂੰ ਸਿੱਧੇ ਗੇਮਾਂ ਵਿੱਚ 21-14, 21-13 ਨਾਲ ਹਰਾਇਆ। 22 ਸਾਲਾ ਰਾਜਾਵਤ ਦਾ ਸਾਹਮਣਾ ਪਹਿਲੇ ਦੌਰ 'ਚ ਦੁਨੀਆ ਦੇ 14ਵੇਂ ਨੰਬਰ ਦੇ ਖਿਡਾਰੀ ਹਾਂਗਕਾਂਗ ਦੇ ਲੀ ਚੈਉਕ ਯੀਊ ਨਾਲ ਹੋਇਆ ਸੀ। ਲੀ ਸਾਲ ਦੀ ਸ਼ੁਰੂਆਤ ਵਿੱਚ ਇੰਡੀਆ ਓਪਨ ਵਿੱਚ ਫਾਈਨਲਿਸਟ ਸੀ। ਸ੍ਰੀਕਾਂਤ ਦਾ ਅਗਲਾ ਮੁਕਾਬਲਾ ਚੀਨੀ ਤਾਈਪੇ ਦੇ ਚਿਆ ਹਾਓ ਲੀ ਨਾਲ ਹੋਵੇਗਾ, ਜਿਸ ਨੇ ਲਕਸ਼ਯ ਸੇਨ ਨੂੰ ਸਿੱਧੇ ਗੇਮਾਂ ਵਿੱਚ 21-17, 21-15 ਨਾਲ ਹਰਾ ਕੇ ਬਾਹਰ ਕੀਤਾ। ਰਾਜਾਵਤ ਦਾ ਸਾਹਮਣਾ ਤਾਈਪੇ ਦੇ ਇੱਕ ਹੋਰ ਸ਼ਟਲਰ ਚੋਊ ਤਿਏਨ ਚੇਨ ਨਾਲ ਹੋਵੇਗਾ।