ਨਵੀਂ ਦਿੱਲੀ: ਸਰਬਜੋਤ ਸਿੰਘ ਨੇ ਪੈਰਿਸ ਓਲੰਪਿਕ 2024 ਵਿੱਚ ਨਿਸ਼ਾਨੇਬਾਜ਼ੀ ਵਿੱਚ ਮਨੂ ਭਾਕਰ ਨਾਲ ਮਿਲ ਕੇ 10 ਮੀਟਰ ਏਅਰ ਪਿਸਟਲ ਡਬਲ ਈਵੈਂਟ 'ਚ ਕਾਂਸੀ ਦਾ ਤਗ਼ਮਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਜਿਸ ਤੋਂ ਬਾਅਦ ਅੱਜ ਉਹ ਦੇਸ਼ ਪਰਤ ਆਏ ਹਨ। ਇਸ ਦੌਰਾਨ ਜਿਥੇ ਏਅਰਪੋਰਟ 'ਤੇ ਪ੍ਰਸ਼ੰਸਕਾਂ ਵਲੋਂ ਢੋਲ-ਧਮਾਕੇ ਨਾਲ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਤਾਂ ਉਥੇ ਹੀ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਵੀ ਨਵੀਂ ਦਿੱਲੀ ਵਿੱਚ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਹੈ।
ਇਸ ਦੌਰਾਨ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਸਰਬਜੋਤ ਸਿੰਘ ਪੈਰਿਸ ਓਲੰਪਿਕ 'ਚ ਮੈਡਲ ਜਿੱਤ ਕੇ ਦੇਸ਼ ਪਰਤੇ ਹਨ, ਜਿਥੇ ਉਨ੍ਹਾਂ ਦਾ ਮੈਂ ਸਵਾਗਤ ਕੀਤਾ ਤੇ ਮੁਬਾਰਕਬਾਦ ਦਿੱਤੀ ਤੇ ਨਾਲ ਹੀ ਹੋਰ ਖਿਡਾਰੀ ਜੋ ਓਲੰਪਿਕ 'ਚ ਭਾਗ ਲੈਕੇ ਆਏ ਹਨ, ਉਨ੍ਹਾਂ ਦਾ ਵੀ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਖਿਡਾਰੀਆਂ ਵਲੋਂ ਦੇਸ਼ ਲਈ ਖੇਡਣ ਲਈ ਉਨ੍ਹਾਂ ਨੂੰ ਮੁਬਾਰਕਬਾਦ। ਇਸ ਦੇ ਨਾਲ ਹੀ ਉਨ੍ਹਾਂ ਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਓਲੰਪਿਕ 'ਚ ਖੇਡ ਰਹੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕਰਨ ਤਾਂ ਜੋ ਉਹ ਤੁਹਾਡੀਆਂ ਦੁਆਵਾਂ ਕਾਰਨ ਹੋਰ ਵੀ ਵਧੀਆ ਪ੍ਰਦਰਸ਼ਨ ਕਰ ਸਕਣ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਦੇਸ਼ ਦੇ ਹੋਰ ਖਿਡਾਰੀ ਵੀ ਇਸ ਓਲੰਪਿਕ 'ਚ ਮੈਡਲ ਜ਼ਰੂਰ ਲੈਕੇ ਆਉਣਗੇ।