ਨਵੀਂ ਦਿੱਲੀ: ਭਾਰਤ ਅਤੇ ਇੰਗਲੈਂਡ ਵਿਚਾਲੇ ਤੀਜਾ ਟੈਸਟ ਮੈਚ 15 ਫਰਵਰੀ ਤੋਂ ਰਾਜਕੋਟ 'ਚ ਖੇਡਿਆ ਜਾਵੇਗਾ। ਇਸ ਲਈ ਭਾਰਤੀ ਕਪਤਾਨ ਰੋਹਿਤ ਸ਼ਰਮਾ ਰਾਜਕੋਟ ਪਹੁੰਚ ਚੁੱਕੇ ਹਨ। ਇੰਗਲੈਂਡ ਦੀ ਟੀਮ ਵੀ ਤੀਜੇ ਟੈਸਟ ਲਈ ਮੰਗਲਵਾਰ ਨੂੰ ਰਾਜਕੋਟ ਪਹੁੰਚੇਗੀ। ਫਿਲਹਾਲ ਇੰਗਲੈਂਡ ਦੀ ਕ੍ਰਿਕਟ ਟੀਮ ਦੂਜੇ ਟੈਸਟ ਤੋਂ ਬਾਅਦ ਆਬੂ ਧਾਬੀ 'ਚ ਹੈ। ਤੀਜੇ ਟੈਸਟ ਮੈਚ ਦੇ ਅੰਤਰ ਦੇ ਕਾਰਨ ਇੰਗਲੈਂਡ ਕ੍ਰਿਕਟ ਨੇ ਅਬੂ ਧਾਬੀ ਵਿੱਚ ਟੀਮ ਲਈ ਬ੍ਰੇਕ ਲੈਣ ਦਾ ਫੈਸਲਾ ਕੀਤਾ ਸੀ।
ਭਰਤ ਨੂੰ ਪਲੇਇੰਗ 11 ਤੋਂ ਬਾਹਰ :ਇਕ ਰਿਪੋਰਟ ਮੁਤਾਬਕ ਧਰੁਵ ਜੁਰੇਲ ਤੀਜੇ ਟੈਸਟ ਮੈਚ 'ਚ ਭਾਰਤੀ ਟੀਮ 'ਚ ਵਿਕਟਕੀਪਰ ਦੇ ਰੂਪ 'ਚ ਡੈਬਿਊ ਕਰ ਸਕਦੇ ਹਨ। ਉਨਸ ਨੂੰ ਪਹਿਲੇ ਦੋ ਟੈਸਟ ਮੈਚਾਂ ਵਿੱਚ ਮੌਕਾ ਨਹੀਂ ਦਿੱਤਾ ਗਿਆ ਸੀ। ਜੇਕਰ ਧਰੁਵ ਜੁਰੇਲ ਨੂੰ ਮੌਕਾ ਮਿਲਦਾ ਹੈ, ਤਾਂ ਕੇਐਸ ਭਰਤ ਨੂੰ ਪਲੇਇੰਗ 11 ਤੋਂ ਬਾਹਰ ਰੱਖਿਆ ਜਾ ਸਕਦਾ ਹੈ। ਜਸਪ੍ਰੀਤ ਬੁਮਰਾਹ ਨੂੰ ਤੀਜੇ ਟੈਸਟ ਮੈਚ ਵਿੱਚ ਵੀ ਆਰਾਮ ਦਿੱਤਾ ਜਾ ਸਕਦਾ ਹੈ। ਉਸ ਨੇ ਦੋ ਮੈਚਾਂ ਵਿੱਚ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਹੈ।
ਸ਼ਨੀਵਾਰ ਨੂੰ ਬਾਕੀ ਤਿੰਨ ਮੈਚਾਂ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਕੀਤਾ ਗਿਆ, ਜਿਸ 'ਚ ਅਕਾਸ਼ ਦੀਪ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਉਥੇ ਹੀ ਸ਼੍ਰੇਅਸ ਅਈਅਰ ਸੱਟ ਕਾਰਨ ਟੀਮ ਤੋਂ ਬਾਹਰ ਹਨ ਅਤੇ ਵਿਰਾਟ ਕੋਹਲੀ ਨਿੱਜੀ ਕਾਰਨਾਂ ਕਰਕੇ ਟੀਮ ਤੋਂ ਬਾਹਰ ਹਨ। ਤੀਜੇ ਟੈਸਟ ਤੋਂ ਪਹਿਲਾਂ ਇੰਗਲੈਂਡ ਨੂੰ ਵੀ ਵੱਡਾ ਝਟਕਾ ਲੱਗਾ ਹੈ। ਅਹਿਮ ਸਪਿਨ ਗੇਂਦਬਾਜ਼ ਜੈਕ ਲੀਚ ਵੀ ਸੱਟ ਕਾਰਨ ਟੀਮ ਤੋਂ ਬਾਹਰ ਹੈ।
ਖਾਨ ਦਾ ਪਲੇਇੰਗ 11 'ਚ ਖੇਡਣਾ ਹੋ ਸਕਦਾ ਤੈਅ : ਤੀਜੇ ਟੈਸਟ ਮੈਚ ਵਿੱਚ ਰਵਿੰਦਰ ਜਡੇਜਾ ਅਤੇ ਕੇਐਲ ਰਾਹੁਲ ਦੀ ਪਲੇਇੰਗ 11 ਵਿੱਚ ਮੌਜੂਦਗੀ ਬੀਸੀਸੀਆਈ ਦੀ ਮੈਡੀਕਲ ਟੀਮ ਦੀ ਮਨਜ਼ੂਰੀ ਉੱਤੇ ਨਿਰਭਰ ਕਰੇਗੀ। ਜੇਕਰ ਕੇਐੱਲ ਰਾਹੁਲ ਨਹੀਂ ਖੇਡ ਪਾਉਂਦੇ ਹਨ, ਤਾਂ ਸਰਫਰਾਜ਼ ਖਾਨ ਦਾ ਪਲੇਇੰਗ 11 'ਚ ਖੇਡਣਾ ਤੈਅ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਤੀਜੇ ਟੈਸਟ 'ਚ ਭਾਰਤੀ ਟੀਮ ਕਿੰਨੇ ਸਪਿਨ ਗੇਂਦਬਾਜ਼ਾਂ ਨਾਲ ਮੈਦਾਨ 'ਚ ਉਤਰੇਗੀ।
ਫਿਲਹਾਲ ਦੋਵੇਂ ਟੀਮਾਂ ਪੰਜ ਟੈਸਟ ਮੈਚਾਂ ਦੀ ਸੀਰੀਜ਼ 'ਚ ਬਰਾਬਰੀ 'ਤੇ ਹਨ। ਇੰਗਲੈਂਡ ਨੇ ਹੈਦਰਾਬਾਦ ਟੈਸਟ 'ਚ ਭਾਰਤ ਨੂੰ 28 ਦੌੜਾਂ ਨਾਲ ਹਰਾਇਆ ਸੀ, ਜਦਕਿ ਵਿਸ਼ਾਖਾਪਟਨਮ 'ਚ ਖੇਡੇ ਗਏ ਦੂਜੇ ਟੈਸਟ 'ਚ ਭਾਰਤ ਨੇ 106 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਭਾਰਤੀ ਓਪਨਰ ਯਸ਼ਸਵੀ ਜੈਸਵਾਲ ਨੇ ਵਿਸ਼ਾਖਾਪਟਨਮ 'ਚ ਦੋਹਰਾ ਸੈਂਕੜਾ ਲਗਾਇਆ ਸੀ, ਜਦਕਿ ਸ਼ੁਭਮਨ ਗਿੱਲ ਨੇ ਵੀ ਸੈਂਕੜਾ ਲਗਾਇਆ ਸੀ।