ਨਵੀਂ ਦਿੱਲੀ: ਸਰਬੀਆ ਦੇ ਸਟਾਰ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟ੍ਰੇਲੀਅਨ ਓਪਨ ਦੀ ਸ਼ੁਰੂਆਤ ਤੋਂ ਪਹਿਲਾਂ ਵੱਡਾ ਦਾਅਵਾ ਕਰਦੇ ਹੋਏ ਪੂਰੀ ਦੁਨੀਆ 'ਚ ਸਨਸਨੀ ਮਚਾ ਦਿੱਤੀ ਹੈ। ਇਸ ਅਨੁਭਵੀ ਟੈਨਿਸ ਖਿਡਾਰੀ ਨੇ ਦਾਅਵਾ ਕੀਤਾ ਹੈ ਕਿ ਆਸਟ੍ਰੇਲੀਅਨ ਓਪਨ 2022 ਦੀ ਪੂਰਵ ਸੰਧਿਆ 'ਤੇ ਮੈਲਬੌਰਨ 'ਚ ਕੁਝ ਸਮੇਂ ਲਈ ਨਜ਼ਰਬੰਦ ਰਹਿਣ ਦੌਰਾਨ ਉਨ੍ਹਾਂ ਨੂੰ ਖਾਣੇ 'ਚ 'ਜ਼ਹਿਰ' ਦਿੱਤਾ ਗਿਆ ਸੀ।
2022 ਵਿੱਚ ਦਿੱਤਾ ਗਿਆ ਸੀ ਜ਼ਹਿਰ
37 ਸਾਲਾ ਜੋਕੋਵਿਚ ਨੇ ਵੀਰਵਾਰ ਨੂੰ GQ ਮੈਗਜ਼ੀਨ 'ਚ ਪ੍ਰਕਾਸ਼ਿਤ ਇਕ ਲੰਬੀ ਇੰਟਰਵਿਊ 'ਚ ਕਿਹਾ, 'ਮੈਨੂੰ ਕੁਝ ਸਿਹਤ ਸੰਬੰਧੀ ਸਮੱਸਿਆਵਾਂ ਸਨ ਅਤੇ ਮੈਨੂੰ ਅਹਿਸਾਸ ਹੋਇਆ ਕਿ ਮੈਲਬੌਰਨ ਦੇ ਉਸ ਹੋਟਲ ਵਿੱਚ, ਮੈਨੂੰ ਕੁਝ ਭੋਜਨ ਖੁਆਇਆ ਗਿਆ ਸੀ, ਜਿਸ 'ਚ ਮੈਨੂੰ ਜ਼ਹਿਰ ਦਿੱਤਾ ਸੀ'।
ਕੋਵਿਡ ਵੈਕਸੀਨ ਲੈਣ ਤੋਂ ਕੀਤਾ ਸੀ ਇਨਕਾਰ
ਤੁਹਾਨੂੰ ਦੱਸ ਦਈਏ ਕਿ ਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ ਆਸਟ੍ਰੇਲੀਅਨ ਓਪਨ 2022 'ਚ ਹਿੱਸਾ ਲੈਣ ਲਈ ਮੈਲਬੋਰਨ ਪਹੁੰਚੇ ਸੀ। ਪਰ, ਉਨ੍ਹਾਂ ਨੇ ਕੋਵਿਡ ਵੈਕਸੀਨ ਲੈਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ 'ਚ ਲੈ ਕੇ ਇਕ ਹੋਟਲ 'ਚ ਰੱਖਿਆ ਗਿਆ, ਕਿਉਂਕਿ ਉਹ ਉੱਥੇ ਰਹਿਣ ਲਈ ਕਾਨੂੰਨੀ ਲੜਾਈ ਲੜ ਰਹੇ ਸੀ। ਪਰ, ਬਾਅਦ ਵਿੱਚ ਉਨ੍ਹਾਂ ਨੂੰ ਆਸਟ੍ਰੇਲੀਆ ਛੱਡ ਕੇ ਆਪਣੇ ਦੇਸ਼ ਪਰਤਣਾ ਪਿਆ ਸੀ।