ਨਵੀਂ ਦਿੱਲੀ:ਆਈਸੀਸੀ ਚੈਂਪੀਅਨਜ਼ ਟਰਾਫੀ ਸ਼ੁਰੂ ਹੋਣ ਵਿੱਚ 1 ਮਹੀਨੇ ਤੋਂ ਵੀ ਘੱਟ ਸਮਾਂ ਬਾਕੀ ਹੈ। ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਲਈ ਰਾਹਤ ਦੀ ਖਬਰ ਸਾਹਮਣੇ ਆਈ ਹੈ। ਭਾਰਤ ਦੇ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ, ਜੋ ਨਵੰਬਰ 2023 ਵਿੱਚ ਵਿਸ਼ਵ ਕੱਪ ਫਾਈਨਲ ਤੋਂ ਬਾਅਦ ਤੋਂ ਬਾਹਰ ਹਨ, ਇੰਗਲੈਂਡ ਦੇ ਖਿਲਾਫ ਘਰੇਲੂ ਸੀਰੀਜ਼ ਵਿੱਚ ਵਾਪਸੀ ਕਰ ਸਕਦੇ ਹਨ।
ਇੰਗਲੈਂਡ ਦੇ ਖਿਲਾਫ ਸੀਰੀਜ਼ ਤੋਂ ਕਰਨਗੇ ਵਾਪਸੀ
ਕ੍ਰਿਕਬਜ਼ ਦੀ ਰਿਪੋਰਟ ਦੇ ਮੁਤਾਬਕ ਤਜਰਬੇਕਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੇ ਇੰਗਲੈਂਡ ਖਿਲਾਫ ਵਨਡੇ ਸੀਰੀਜ਼ ਅਤੇ ਸੰਭਾਵਤ ਤੌਰ 'ਤੇ ਚੈਂਪੀਅਨਸ ਟਰਾਫੀ ਲਈ ਭਾਰਤੀ ਟੀਮ 'ਚ ਵਾਪਸੀ ਦੀ ਉਮੀਦ ਹੈ। ਭਾਰਤ 6 ਫ਼ਰਵਰੀ ਨੂੰ ਨਾਗਪੁਰ 'ਚ ਇੰਗਲੈਂਡ ਖਿਲਾਫ ਪਹਿਲਾਂ ਵਨਡੇ ਮੈਚ ਖੇਡੇਗਾ। ਸ਼ਮੀ ਇਸ ਦਿਨ ਭਾਰਤੀ ਟੀਮ 'ਚ ਵਾਪਸੀ ਕਰ ਸਕਦੇ ਹਨ।
ਕ੍ਰਿਕਬਜ਼ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਹਵਾਲੇ ਨਾਲ ਕਿਹਾ, 'ਐਨਸੀਏ ਦੀ ਮੈਡੀਕਲ ਟੀਮ ਸ਼ਮੀ ਦੀ ਨੇੜਿਓਂ ਨਿਗਰਾਨੀ ਕਰ ਰਹੀ ਹੈ, ਜਿਸ ਦੀ ਸੱਜੀ ਅੱਡੀ ਦੀ ਸਰਜਰੀ ਹੋਈ ਹੈ। ਅੱਡੀ ਠੀਕ ਹੋ ਗਈ ਹੈ, ਪਰ ਉਸ ਦੇ ਗੋਡੇ ਵਿੱਚ ਮਾਮੂਲੀ ਸੋਜ ਹੈ, ਜਿਸ ਕਾਰਨ ਉਸ ਨੂੰ ਬਾਰਡਰ-ਗਾਵਸਕਰ ਟਰਾਫੀ ਦੇ ਬਾਅਦ ਦੇ ਪੜਾਅ ਲਈ ਵਿਚਾਰਿਆ ਨਹੀਂ ਗਿਆ ਹੈ।"
ਘਰੇਲੂ ਕ੍ਰਿਕਟ ਖੇਡ ਰਹੇ ਸ਼ਮੀ
ਦੱਸ ਦੇਈਏ ਕਿ ਹਾਲ ਹੀ 'ਚ ਸ਼ਮੀ ਨੇ ਬੰਗਾਲ ਲਈ ਵਿਜੇ ਹਜ਼ਾਰੇ ਟਰਾਫੀ ਦੇ ਕੁਝ ਮੈਚਾਂ 'ਚ ਹਿੱਸਾ ਲਿਆ ਹੈ ਅਤੇ ਵੀਰਵਾਰ ਨੂੰ ਬੜੌਦਾ 'ਚ ਹਰਿਆਣਾ ਦੇ ਖਿਲਾਫ ਪ੍ਰੀ-ਕੁਆਰਟਰ ਫਾਈਨਲ 'ਚ ਦੁਬਾਰਾ ਖੇਡਣ ਲਈ ਤਿਆਰ ਹੈ।