ਲੰਡਨ : ਇੰਗਲੈਂਡ ਦੇ ਤੇਜ਼ ਗੇਂਦਬਾਜ਼ ਮਾਰਕ ਵੁੱਡ ਸੱਜੇ ਪੱਟ ਦੀ ਮਾਸਪੇਸ਼ੀ 'ਚ ਖਿਚਾਅ ਕਾਰਨ ਸ਼੍ਰੀਲੰਕਾ ਖਿਲਾਫ ਚੱਲ ਰਹੀ ਟੈਸਟ ਸੀਰੀਜ਼ ਦੇ ਬਾਕੀ ਮੈਚਾਂ ਤੋਂ ਬਾਹਰ ਹੋ ਗਏ ਹਨ। ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈ.ਸੀ.ਬੀ.) ਨੇ ਉਨ੍ਹਾਂ ਦੀ ਜਗ੍ਹਾ ਤੇਜ਼ ਗੇਂਦਬਾਜ਼ ਜੋਸ਼ ਹੱਲ ਨੂੰ ਟੀਮ 'ਚ ਸ਼ਾਮਿਲ ਕੀਤਾ ਹੈ। ਲੈਸਟਰਸ਼ਾਇਰ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਜੋਸ਼ ਹੱਲ ਨੂੰ ਸ਼੍ਰੀਲੰਕਾ ਖਿਲਾਫ ਆਖਰੀ ਦੋ ਟੈਸਟ ਮੈਚਾਂ ਲਈ ਇੰਗਲੈਂਡ ਦੀ ਟੈਸਟ ਟੀਮ 'ਚ ਸ਼ਾਮਿਲ ਕੀਤਾ ਗਿਆ ਹੈ।
ਓਲਡ ਟ੍ਰੈਫੋਰਡ ਵਿੱਚ ਪਹਿਲੇ ਟੈਸਟ ਦੇ ਤੀਜੇ ਦਿਨ, ਮਾਰਕ ਵੁੱਡ ਸ੍ਰੀਲੰਕਾ ਦੀ ਦੂਜੀ ਪਾਰੀ ਦੇ ਆਪਣੇ 11ਵੇਂ ਓਵਰ ਵਿੱਚ ਦੋ ਗੇਂਦਾਂ ਸੁੱਟਣ ਤੋਂ ਤੁਰੰਤ ਬਾਅਦ ਮੈਦਾਨ ਤੋਂ ਬਾਹਰ ਚਲੇ ਗਏ। 56ਵੇਂ ਓਵਰ ਦੀਆਂ ਬਾਕੀ ਗੇਂਦਾਂ ਜੋਅ ਰੂਟ ਨੇ ਸੁੱਟੀਆਂ, ਜੋ ਆਪਣੇ ਪਾਰਟ-ਟਾਈਮ ਆਫ ਸਪਿਨ ਨਾਲ ਮਿਲਾਨ ਰਤਨਾਇਕ ਦਾ ਵਿਕਟ ਲੈਣ ਵਿੱਚ ਕਾਮਯਾਬ ਰਹੇ।
6 ਫੁੱਟ 7 ਇੰਚ ਲੰਬਾ ਹਲ ਲੈਸਟਰਸ਼ਾਇਰ ਦੇ ਗੇਂਦਬਾਜ਼ੀ ਹਮਲੇ ਦਾ ਮੁੱਖ ਮੈਂਬਰ ਰਿਹਾ ਹੈ ਅਤੇ ਉਸ ਨੇ 2023 ਵਨਡੇ ਕੱਪ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਲੰਬੇ ਕੱਦ ਕਾਠ ਵਾਲੇ 20 ਸਾਲਾ ਹਲ ਨੇ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ 62.75 ਦੀ ਔਸਤ ਨਾਲ 16 ਵਿਕਟਾਂ ਲਈਆਂ ਹਨ।