ਨਵੀਂ ਦਿੱਲੀ: ਸਟਾਰ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਬੁੱਧਵਾਰ ਨੂੰ ਪੈਰਿਸ ਓਲੰਪਿਕ 2024 ਦੇ ਮਹਿਲਾ 75 ਕਿਲੋਗ੍ਰਾਮ ਭਾਰ ਵਰਗ ਦੇ ਰਾਊਂਡ ਆਫ 16 ਦੇ ਮੈਚ 'ਚ ਨਾਰਵੇ ਦੀ ਸਨੀਵਾ ਹੋਫਸਟੇਡ ਨੂੰ ਹਰਾ ਕੇ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਇਸ ਮੈਚ ਵਿੱਚ ਲਵਲੀਨਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਜਿੱਤ ਦਰਜ ਕੀਤੀ।
5-0ਨਾਲ ਜਿੱਤ:ਤੁਹਾਨੂੰ ਦੱਸ ਦੇਈਏ ਕਿ ਇਸ ਮੈਚ ਵਿੱਚ ਲਵਲੀਨਾ ਬੋਰਗੋਹੇਨ ਨੇ ਪਹਿਲੇ ਅਤੇ ਦੂਜੇ ਗੇੜ ਵਿੱਚ 5 ਜੱਜਾਂ ਤੋਂ 10 ਅੰਕ ਪ੍ਰਾਪਤ ਕੀਤੇ, ਤੀਜੇ ਗੇੜ ਵਿੱਚ ਲਵਲੀਨਾ ਨੇ ਤਿੰਨ ਜੱਜਾਂ ਤੋਂ 9 ਅਤੇ 2 ਜੱਜਾਂ ਤੋਂ 10 ਅੰਕ ਪ੍ਰਾਪਤ ਕੀਤੇ। ਮੈਚ ਦੇ ਅੰਤ ਵਿੱਚ ਉਸ ਦਾ ਸਕੋਰ 29, 30, 29,30, 29 ਸੀ। ਉਸ ਨੇ ਇਹ ਮੈਚ 5-0 ਨਾਲ ਜਿੱਤ ਲਿਆ।
ਕਈ ਮੈਡਲ ਕੀਤੇ ਨਾਮ:ਦੱਸ ਦਈਏ ਇਸ ਸਮੇਂ ਲਵਲੀਨਾ ਬੋਰਗੋਹੇਨ ਭਾਰਤ ਦੀ ਸਟਾਰ ਮੁੱਕੇਬਾਜ਼ ਹੈ ਅਤੇ ਉਨ੍ਹਾਂ ਦਾ ਜਨਮ 2 ਅਕਤੂਬਰ, 1997 ਨੂੰ ਆਸਾਮ, ਭਾਰਤ ਵਿੱਚ ਹੋਇਆ ਸੀ। ਉਸ ਨੇ 2012 ਵਿੱਚ ਮੁੱਕੇਬਾਜ਼ੀ ਸ਼ੁਰੂ ਕੀਤੀ ਅਤੇ 2017 ਵਿੱਚ ਆਪਣਾ ਪਹਿਲਾ ਅੰਤਰਰਾਸ਼ਟਰੀ ਤਮਗਾ ਜਿੱਤਿਆ। ਲਵਲੀਨਾ ਬੋਰਗੋਹੇਨ ਨੇ 2020 ਟੋਕੀਓ ਓਲੰਪਿਕ ਵਿੱਚ ਕਾਂਸੀ ਦਾ ਮੈਡਲ ਜਿੱਤਿਆ, 2023 IBA ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਿਆ ਇਸ ਤੋਂ ਇਲਾਵਾ 2018 ਅਤੇ 2019 AIBA ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਕਾਂਸੀ ਦੇ ਤਗਮੇ ਜਿੱਤੇ।
ਐਵਾਰਡ ਨਾਲ ਸਨਮਾਨ:ਲਵਲੀਨਾ ਬੋਰਗੋਹੇਨ ਨੂੰ 2022 ਵਿੱਚ ਅਸਾਮ ਸਰਕਾਰ ਦੁਆਰਾ ਪੁਲਿਸ ਦੇ ਡਿਪਟੀ ਸੁਪਰਡੈਂਟ ਵਜੋਂ ਨਿਯੁਕਤ ਕੀਤਾ ਗਿਆ। ਸਾਲ 2022 ਵਿੱਚ ਹੀ ਉਨ੍ਹਾਂ ਨੂੰ ਇੰਟਰਨੈਸ਼ਨਲ ਬਾਕਸਿੰਗ ਐਸੋਸੀਏਸ਼ਨ ਦੀ ਐਥਲੀਟ ਕਮੇਟੀ ਦੇ ਪ੍ਰਧਾਨ ਵਜੋਂ ਚੁਣਿਆ ਗਿਆ। ਲਵਲੀਨਾ ਬੋਰਗੋਹੇਨ ਨੂੰ ਮੁੱਕੇਬਾਜ਼ੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ 2020 ਵਿੱਚ ਅਰਜੁਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। 2021 ਵਿੱਚ ਉਨ੍ਹਾਂ ਖੇਡ ਰਤਨ ਐਵਾਰਡ ਮਿਲਿਆ ਇਸ ਤੋਂ ਇਲਾਵਾ 2021 ਵਿੱਚ ਸਾਲ ਦਾ TOISA ਮੁੱਕੇਬਾਜ਼ ਐਵਾਰਡ ਨਾਲ ਵੀ ਉਨ੍ਹਾਂ ਨੂੰ ਨਵਾਜਿਆ ਗਿਆ ਸੀ।