ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦੀ ਫਰੈਂਚਾਈਜ਼ੀ ਰਾਜਸਥਾਨ ਰਾਇਲਜ਼ ਨੇ ਅੱਜ ਸਾਬਕਾ ਭਾਰਤੀ ਕਪਤਾਨ ਅਤੇ ਕੋਚ ਰਾਹੁਲ ਦ੍ਰਾਵਿੜ ਨੂੰ ਮੁੱਖ ਕੋਚ ਵਜੋਂ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਰਾਇਲਜ਼ ਦੇ ਸਾਬਕਾ ਕਪਤਾਨ ਅਤੇ ਕੋਚ ਨੇ 2011 ਤੋਂ 2015 ਤੱਕ ਫਰੈਂਚਾਈਜ਼ੀ ਦੇ ਨਾਲ ਪੰਜ ਸੀਜ਼ਨ ਬਿਤਾਏ ਅਤੇ ਹੁਣ ਟੀਮ ਦੇ ਨਾਲ ਤੁਰੰਤ ਕੰਮ ਸ਼ੁਰੂ ਕਰ ਦੇਣਗੇ, ਰਾਇਲਜ਼ ਦੇ ਕ੍ਰਿਕਟ ਡਾਇਰੈਕਟਰ ਕੁਮਾਰ ਸੰਗਾਕਾਰਾ ਨਾਲ ਕੰਮ ਕਰ ਕੇ ਫਰੈਂਚਾਈਜ਼ੀ ਨੂੰ ਦੂਜੀ ਵਾਰ ਟਰਾਫੀ ਜਿੱਤਣ ਵਿੱਚ ਮਦਦ ਕਰਨਗੇ।
ਰਾਹੁਲ ਦ੍ਰਾਵਿੜ ਨੂੰ ਰਾਜਸਥਾਨ ਰਾਇਲਜ਼ ਦਾ ਮੁੱਖ ਕੋਚ ਨਿਯੁਕਤ ਕੀਤਾ: 51 ਸਾਲਾ ਦ੍ਰਾਵਿੜ, ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਮਹਾਨ ਬੱਲੇਬਾਜ਼ਾਂ ਵਿੱਚੋਂ ਇੱਕ ਮੰਨੇ ਜਾਂਦੇ ਹਨ। 2014 ਵਿੱਚ ਰਾਇਲਜ਼ ਦੇ ਨਾਲ ਆਪਣੇ ਕੋਚਿੰਗ ਕਰੀਅਰ ਦੀ ਸ਼ੁਰੂਆਤ ਕੀਤੀ, ਜਦੋਂ ਉਨ੍ਹਾਂ ਨੇ ਕਪਤਾਨ ਦਾ ਅਹੁਦਾ ਸੰਭਾਲਿਆ, ਇਸ ਤੋਂ ਬਾਅਦ ਟੀਮ ਸਲਾਹਕਾਰ ਦੀ ਭੂਮਿਕਾ ਨਿਭਾਈ। ਉਦੋਂ ਤੋਂ ਦ੍ਰਾਵਿੜ ਨੈਸ਼ਨਲ ਕ੍ਰਿਕਟ ਅਕੈਡਮੀ (NCA), ਭਾਰਤੀ ਪੁਰਸ਼ ਅੰਡਰ-19 ਅਤੇ ਭਾਰਤੀ ਪੁਰਸ਼ ਸੀਨੀਅਰ ਟੀਮ ਨਾਲ ਜੁੜੇ ਹੋਏ ਹਨ। ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਭਾਰਤ ਨੂੰ ਟੈਸਟ, ODI ਅਤੇ T20I ਰੈਂਕਿੰਗ ਵਿੱਚ ਚੋਟੀ ਦੇ ਸਥਾਨ 'ਤੇ ਪਹੁੰਚਾਇਆ ਅਤੇ ਆਈਸੀਸੀ ਪੁਰਸ਼ T20 ਵਿਸ਼ਵ ਕੱਪ ਦਾ ਖਿਤਾਬ ਵੀ ਜਿੱਤਿਆ ਹੈ।
9 ਸਾਲਾਂ ਬਾਅਦ ਆਈਪੀਐਲ ਵਿੱਚ ਦ੍ਰਾਵਿੜ ਦੀ ਵਾਪਸੀ:ਰਾਇਲਜ਼ ਪਰਿਵਾਰ ਵਿੱਚ ਦ੍ਰਾਵਿੜ ਦਾ ਸਵਾਗਤ ਕਰਦੇ ਹੋਏ, ਰਾਇਲਜ਼ ਸਪੋਰਟਸ ਗਰੁੱਪ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੈਕ ਲੁਸ਼ ਮੈਕਕਰਮ ਨੇ ਕਿਹਾ, 'ਅਸੀਂ ਰਾਹੁਲ ਨੂੰ ਫਰੈਂਚਾਈਜ਼ੀ ਵਿੱਚ ਵਾਪਸ ਲਿਆਉਣ ਲਈ ਬਹੁਤ ਖੁਸ਼ ਹਾਂ। ਉਸ ਨੇ ਭਾਰਤੀ ਕ੍ਰਿਕਟ ਵਿੱਚ ਜੋ ਬਦਲਾਅ ਕੀਤੇ ਹਨ, ਉਹ ਉਸ ਦੀ ਕੋਚਿੰਗ ਯੋਗਤਾ ਦਾ ਪ੍ਰਮਾਣ ਹਨ। ਫਰੈਂਚਾਇਜ਼ੀ ਨਾਲ ਉਸ ਦਾ ਡੂੰਘਾ ਸਬੰਧ ਹੈ। ਉਸ ਕੋਲ ਨੌਜਵਾਨ ਅਤੇ ਤਜਰਬੇਕਾਰ ਪ੍ਰਤਿਭਾ ਤੋਂ ਵਧੀਆ ਪ੍ਰਦਰਸ਼ਨ ਕਰਨ ਦੀ ਮੁਹਾਰਤ ਹੈ।
ਇਹ ਟੀਮ ਮੇਰਾ ਘਰ ਹੈ: ਰਾਇਲਜ਼ ਵਿੱਚ ਵਾਪਸੀ 'ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਰਾਹੁਲ ਦ੍ਰਾਵਿੜ ਨੇ ਕਿਹਾ, 'ਮੈਂ ਉਸ ਫਰੈਂਚਾਈਜ਼ੀ ਵਿੱਚ ਵਾਪਸ ਆ ਕੇ ਖੁਸ਼ ਹਾਂ ਜੋ ਪਿਛਲੇ ਕਈ ਸਾਲਾਂ ਤੋਂ ਮੇਰਾ 'ਘਰ' ਰਿਗਾ ਹੈ। ਵਿਸ਼ਵ ਕੱਪ ਤੋਂ ਬਾਅਦ, ਮੈਨੂੰ ਲੱਗਦਾ ਹੈ ਕਿ ਮੇਰੇ ਲਈ ਇਕ ਹੋਰ ਚੁਣੌਤੀ ਦਾ ਸਾਹਮਣਾ ਕਰਨ ਦਾ ਇਹ ਸਹੀ ਸਮਾਂ ਹੈ ਅਤੇ ਰਾਇਲਸ ਇਸ ਲਈ ਸਹੀ ਜਗ੍ਹਾ ਹੈ। ਦ੍ਰਾਵਿੜ ਨੇ ਅੱਗੇ ਕਿਹਾ, 'ਪਿਛਲੇ ਕੁਝ ਸਾਲਾਂ ਵਿੱਚ ਫਰੈਂਚਾਇਜ਼ੀ ਨੇ ਜੋ ਤਰੱਕੀ ਕੀਤੀ ਹੈ, ਉਸ ਵਿੱਚ ਮਨੋਜ, ਜੇਕ, ਕੁਮਾਰ ਅਤੇ ਟੀਮ ਦੁਆਰਾ ਬਹੁਤ ਮਿਹਨਤ ਅਤੇ ਵਿਚਾਰ-ਵਟਾਂਦਰਾ ਸ਼ਾਮਲ ਹੈ। ਸਾਡੇ ਕੋਲ ਮੌਜੂਦ ਪ੍ਰਤਿਭਾ ਅਤੇ ਸਰੋਤਾਂ ਨਾਲ ਇਸ ਟੀਮ ਨੂੰ ਅਗਲੇ ਪੱਧਰ 'ਤੇ ਲੈ ਜਾਣਾ ਸਾਡੇ ਲਈ ਇੱਕ ਦਿਲਚਸਪ ਮੌਕਾ ਹੈ ਅਤੇ ਮੈਂ ਇਸ ਦੀ ਉਡੀਕ ਕਰਦਾ ਹਾਂ।