ਨਵੀਂ ਦਿੱਲੀ: ਪੰਜਾਬ ਕਿੰਗਜ਼ ਨੇ ਵੀਰਵਾਰ ਨੂੰ ਗੁਜਰਾਤ ਖਿਲਾਫ ਖੇਡੇ ਗਏ ਰੋਮਾਂਚਕ ਮੈਚ 'ਚ 3 ਵਿਕਟਾਂ ਨਾਲ ਜਿੱਤ ਦਰਜ ਕੀਤੀ। ਇਸ ਮੈਚ ਵਿੱਚ ਜਿੱਤ ਦਾ ਹੀਰੋ ਸ਼ਸ਼ਾਂਕ ਸਿੰਘ ਰਿਹਾ। ਉਸ ਨੇ ਇਹ ਮੈਚ ਗੁਜਰਾਤ ਦੇ ਜਬਾੜੇ ਤੋਂ ਖੋਹ ਕੇ ਪੰਜਾਬ ਦੀ ਝੋਲੀ ਵਿੱਚ ਪਾਇਆ। ਇਸ ਬੱਲੇਬਾਜ਼ ਨੇ ਤੇਜ਼ ਪਾਰੀ ਖੇਡਦੇ ਹੋਏ 29 ਗੇਂਦਾਂ 'ਚ ਅਜੇਤੂ 61 ਦੌੜਾਂ ਬਣਾਈਆਂ ਅਤੇ ਜੇਤੂ ਚੌਕੇ ਲਗਾ ਕੇ ਟੀਮ ਨੂੰ ਜਿੱਤ ਵੱਲ ਲੈ ਗਿਆ।
ਗਲਤੀ ਨਾਲ ਖਰੀਦਿਆ ਗਿਆ ਸੀ ਸ਼ਸ਼ਾਂਕ ਸਿੰਘ:ਅਸਲ ਵਿੱਚ ਸ਼ਸ਼ਾਂਕ ਸਿੰਘ ਪੰਜਾਬ ਵਿੱਚ ਖਾਸ ਤੌਰ 'ਤੇ ਖਰੀਦਿਆ ਗਿਆ ਖਿਡਾਰੀ ਨਹੀਂ ਹੈ। ਨਿਲਾਮੀ ਦੇ ਸਮੇਂ ਸ਼ਸ਼ਾਂਕ ਨੂੰ ਲੈ ਕੇ ਵਿਵਾਦ ਹੋਇਆ ਸੀ। ਅਜਿਹਾ ਹੋਇਆ ਕਿ ਪੰਜਾਬ ਦੇ ਸਹਿ-ਮਾਲਕ ਪ੍ਰੀਟੀ ਜ਼ਿੰਟਾ ਅਤੇ ਨੇਸ ਵਾਡੀਆ ਇੱਕ ਹੋਰ ਸ਼ਸ਼ਾਂਕ ਨੂੰ ਖਰੀਦਣਾ ਚਾਹੁੰਦੇ ਸਨ। ਨਿਲਾਮੀ 'ਚ ਸ਼ਸ਼ਾਂਕ ਨਾਂਅ ਦੇ ਦੋ ਖਿਡਾਰੀ ਸਨ ਅਤੇ ਗਲਤੀ ਨਾਲ ਉਨ੍ਹਾਂ ਨੇ ਇਸ ਸ਼ਸ਼ਾਂਕ 'ਤੇ ਬੋਲੀ ਲਗਾ ਦਿੱਤੀ ਅਤੇ ਉਸ ਨੂੰ ਟੀਮ 'ਚ ਸ਼ਾਮਲ ਕਰ ਲਿਆ। ਦੋਵਾਂ ਟੀਮਾਂ ਦੇ ਮਾਲਕ ਇਨ੍ਹਾਂ ਨੂੰ ਖਰੀਦਣ ਤੋਂ ਬਾਅਦ ਉਲਝਣ 'ਚ ਨਜ਼ਰ ਆਏ। ਅਜਿਹਾ ਇਸ ਲਈ ਕਿਉਂਕਿ ਉਹ 19 ਸਾਲ ਦੇ ਇੱਕ ਹੋਰ ਨੌਜਵਾਨ ਸ਼ਸ਼ਾਂਕ ਨੂੰ ਟੀਮ 'ਚ ਲੈਣਾ ਚਾਹੁੰਦੇ ਸਨ। ਹਾਲਾਂਕਿ, ਫਰੈਂਚਾਇਜ਼ੀ ਨੇ ਫਿਰ ਇਸ ਸ਼ਸ਼ਾਂਕ ਦੇ ਨਾਲ ਹੀ ਅੱਗੇ ਵਧਣ ਦਾ ਫੈਸਲਾ ਕੀਤਾ।