ਨਵੀਂ ਦਿੱਲੀ— ਰਾਇਲ ਚੈਲੇਂਜਰਸ ਬੈਂਗਲੁਰੂ ਦੇ ਸਾਬਕਾ ਸਟਾਰ ਖਿਡਾਰੀ ਏਬੀ ਡਿਵਿਲੀਅਰਸ ਭਾਰਤ ਪਹੁੰਚ ਗਏ ਹਨ। IPL 2024 'ਚ ਅੱਜ ਕੁਆਲੀਫਾਇਰ-1 ਖੇਡਿਆ ਜਾਵੇਗਾ। ਇਸ ਤੋਂ ਬਾਅਦ ਭਲਕੇ ਬੈਂਗਲੁਰੂ ਅਤੇ ਰਾਜਸਥਾਨ ਵਿਚਾਲੇ ਐਲੀਮੀਨੇਟਰ ਮੈਚ ਖੇਡਿਆ ਜਾਵੇਗਾ। ਹਾਰਨ ਵਾਲੀ ਟੀਮ ਬਾਹਰ ਹੋ ਜਾਵੇਗੀ। ਸੋਸ਼ਲ ਮੀਡੀਆ 'ਤੇ ਕਿਹਾ ਜਾ ਰਿਹਾ ਹੈ ਕਿ ਏਬੀ ਡਿਵਿਲੀਅਰਸ ਆਪਣੀ ਪੁਰਾਣੀ ਟੀਮ ਅਤੇ ਫਰੈਂਚਾਇਜ਼ੀ ਨੂੰ ਸਪੋਰਟ ਕਰਨ ਲਈ ਭਾਰਤ ਪਹੁੰਚੇ ਹਨ। ਉਨ੍ਹਾਂ ਨੂੰ ਸੋਮਵਾਰ ਨੂੰ ਮੁੰਬਈ 'ਚ ਸਪੋਟ ਕੀਤਾ ਗਿਆ।
ਚੇਨਈ ਨੂੰ ਹਰਾ ਕੇ ਰੌਇਲ ਚੈਲੰਜਰਜ਼ ਬੈਂਗਲੁਰੂ ਚਮਤਕਾਰੀ ਢੰਗ ਨਾਲ ਪਲੇਆਫ 'ਚ ਪ੍ਰਵੇਸ਼ ਕਰਨ ਤੋਂ ਬਾਅਦ ਡਿਵਿਲੀਅਰਸ ਨੇ ਖੁਸ਼ੀ ਜ਼ਾਹਿਰ ਕੀਤੀ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਕਿਹਾ ਸੀ ਕਿ 'ਮਹਾਨ ਗੇਮ ਆਰਸੀਬੀ ਹੁਣ ਟਰਾਫੀ ਜਿੱਤੇਗੀ'।
ਅਜਿਹੇ 'ਚ ਹੁਣ ਪ੍ਰਸ਼ੰਸਕ ਕਹਿ ਰਹੇ ਹਨ ਕਿ ਬੈਂਗਲੁਰੂ ਲਈ ਖੇਡਣ ਵਾਲਾ ਇਹ ਬੱਲੇਬਾਜ਼ ਆਪਣੀ ਪੁਰਾਣੀ ਟੀਮ ਨੂੰ ਸਪੋਰਟ ਕਰਨ ਆਇਆ ਹੈ। ਵੈਸੇ ਵੀ ਵਿਰਾਟ ਕੋਹਲੀ ਅਤੇ ਏਬੀ ਡਿਵਿਲੀਅਰਸ ਦੀ ਦੋਸਤੀ ਕਿਸੇ ਤੋਂ ਲੁਕੀ ਨਹੀਂ ਹੈ। ਦੋਵੇਂ ਇੱਕ ਦੂਜੇ ਨਾਲ ਆਪਣੇ ਵਿਚਾਰ ਵੀ ਸਾਂਝੇ ਕਰਦੇ ਹਨ। ਜਦੋਂ ਕੋਈ ਨਹੀਂ ਜਾਣਦਾ ਸੀ ਕਿ ਵਿਰਾਟ ਕੋਹਲੀ ਇੰਗਲੈਂਡ ਸੀਰੀਜ਼ ਲਈ ਕਿੱਥੇ ਅਤੇ ਕਿਉਂ ਗਏ ਸਨ, ਉਦੋਂ ਡਿਵਿਲੀਅਰਸ ਨੇ ਖੁਲਾਸਾ ਕੀਤਾ ਸੀ ਕਿ ਜਲਦੀ ਹੀ ਪਰਿਵਾਰ ਵਿੱਚ ਇੱਕ ਛੋਟਾ ਜਿਹਾ ਮਹਿਮਾਨ ਆਉਣ ਵਾਲਾ ਹੈ।
ਬੁੱਧਵਾਰ ਨੂੰ ਖੇਡੇ ਜਾਣ ਵਾਲੇ ਮੈਚ 'ਚ ਦੋਵਾਂ ਟੀਮਾਂ ਵਿਚਾਲੇ ਸਖਤ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ। ਹਾਲਾਂਕਿ, ਰਾਜਸਥਾਨ ਰਾਇਲਜ਼ ਨੇ ਜਿੱਤ ਦਾ ਰਾਹ ਗੁਆ ਦਿੱਤਾ ਹੈ ਅਤੇ ਉਨ੍ਹਾਂ ਦੀ ਫਾਰਮ ਚਿੰਤਾ ਦਾ ਵਿਸ਼ਾ ਹੈ। ਉਥੇ ਹੀ ਬੈਂਗਲੁਰੂ ਨੇ ਪਿਛਲੇ 8 ਮੈਚਾਂ ਤੋਂ ਆਪਣੇ ਸਾਰੇ ਮੈਚ ਜਿੱਤੇ ਹਨ ਅਤੇ ਵਿਰਾਟ ਕੋਹਲੀ ਵੀ ਆਪਣੀ ਸ਼ਾਨਦਾਰ ਫਾਰਮ ਨਾਲ ਇਸ ਸੀਜ਼ਨ 'ਚ ਸਭ ਤੋਂ ਵੱਧ ਸਕੋਰਰ ਹਨ। ਅਜਿਹੇ 'ਚ ਦੇਖਣਾ ਹੋਵੇਗਾ ਕਿ ਕੌਣ ਮੈਚ ਜਿੱਤ ਕੇ ਦੂਜੀ ਟੀਮ ਨੂੰ ਬਾਹਰ ਕਰਦਾ ਹੈ।