ਨਵੀਂ ਦਿੱਲੀ:ਭਾਰਤੀ ਟੀਮ ਦੇ ਸਾਬਕਾ ਕੋਚ ਰਾਹੁਲ ਦ੍ਰਾਵਿੜ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਟੀਮ 'ਚ ਕੋਚਿੰਗ ਅਤੇ ਸਟਾਫ ਦੇ ਰੂਪ 'ਚ ਕਈ ਬਦਲਾਅ ਕੀਤੇ ਗਏ ਹਨ। ਹਾਲ ਹੀ 'ਚ ਗੌਤਮ ਗੰਭੀਰ ਨੂੰ ਟੀਮ ਦਾ ਮੁੱਖ ਕੋਚ ਬਣਾਇਆ ਗਿਆ ਹੈ, ਜਿਨ੍ਹਾਂ ਨੇ ਸ਼੍ਰੀਲੰਕਾ ਦੌਰੇ ਤੋਂ ਅਹੁਦਾ ਸੰਭਾਲਿਆ ਹੈ। ਕਿਹਾ ਜਾਂਦਾ ਹੈ ਕਿ ਗੰਭੀਰ ਦੇ ਕੋਚ ਬਣਨ ਤੋਂ ਬਾਅਦ ਉਨ੍ਹਾਂ ਨੇ ਟੀਮ 'ਚ ਆਪਣੀ ਪਸੰਦ ਦੇ ਕਈ ਕੋਚਾਂ ਅਤੇ ਸਟਾਫ ਨੂੰ ਜਗ੍ਹਾ ਦਿੱਤੀ ਹੈ।
ਇਨ੍ਹਾਂ ਸਟਾਫ 'ਚੋਂ ਇਕ ਭਾਰਤੀ ਟੀਮ ਦਾ ਗੇਂਦਬਾਜ਼ੀ ਕੋਚ ਮੋਰਨੇ ਮੋਰਕਲ ਹੈ। ਮੋਰਕਲ ਬੰਗਲਾਦੇਸ਼ ਖਿਲਾਫ ਟੈਸਟ ਸੀਰੀਜ਼ ਤੋਂ ਪਹਿਲਾਂ ਭਾਰਤੀ ਟੀਮ 'ਚ ਸ਼ਾਮਲ ਹੋਏ ਹਨ। ਜੋ ਕੋਚ ਬਣਨ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਸੀਰੀਜ਼ ਹੋਵੇਗੀ। ਭਾਰਤੀ ਕ੍ਰਿਕਟ ਟੀਮ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਮੋਰਕਲ ਦੀ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਉਹ ਆਪਣੇ ਪਸੰਦੀਦਾ ਭੋਜਨ ਬਾਰੇ ਦੱਸ ਰਹੇ ਹਨ।
ਟੀਮ ਇੰਡੀਆ ਦੇ ਨਵ-ਨਿਯੁਕਤ ਗੇਂਦਬਾਜ਼ੀ ਕੋਚ ਮੋਰਨੇ ਮੋਰਕਲ ਨੇ ਭਾਰਤੀ ਪਕਵਾਨਾਂ ਬਾਰੇ ਦੱਸਿਆ ਜੋ ਉਨ੍ਹਾਂ ਨੂੰ ਬਹੁਤ ਪਸੰਦ ਹਨ। ਬੰਗਲਾਦੇਸ਼ ਦੇ ਖਿਲਾਫ ਆਗਾਮੀ ਟੈਸਟ ਸੀਰੀਜ਼ ਨਾਲ ਆਪਣੇ ਕਾਰਜਕਾਲ ਦੀ ਸ਼ੁਰੂਆਤ ਕਰਨ ਵਾਲੇ ਦੱਖਣੀ ਅਫਰੀਕਾ ਦੇ ਸਾਬਕਾ ਤੇਜ਼ ਗੇਂਦਬਾਜ਼ ਨੇ ਕਿਹਾ ਕਿ ਉਹ ਡੋਸਾ ਅਤੇ ਮੁਰਗ ਮਲਾਈ ਚਿਕਨ ਖਾਣਾ ਪਸੰਦ ਕਰਦੇ ਹਨ।