ਨਵੀਂ ਦਿੱਲੀ: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਘਰੇਲੂ ਟੈਸਟ ਸੀਰੀਜ਼ 16 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਜਿਸ ਲਈ ਟੀਮ ਇੰਡੀਆ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਇਸ ਸੀਰੀਜ਼ 'ਚ ਜਸਪ੍ਰੀਤ ਬੁਮਰਾਹ ਨੂੰ ਵੱਡੀ ਜ਼ਿੰਮੇਵਾਰੀ ਦੇ ਕੇ ਬੀਸੀਸੀਆਈ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਬਾਰਡਰ ਗਾਵਸਕਰ ਟਰਾਫੀ 'ਚ ਰੋਹਿਤ ਦੀ ਗੈਰ-ਮੌਜੂਦਗੀ 'ਚ ਟੀਮ ਦੀ ਕਮਾਨ ਕੌਣ ਸੰਭਾਲ ਸਕਦਾ ਹੈ।
ਬੁਮਰਾਹ ਉਪ ਕਪਤਾਨ
ਸੀਰੀਜ਼ ਲਈ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਬੁਮਰਾਹ ਨੇ ਜੁਲਾਈ 2022 'ਚ ਐਜਬੈਸਟਨ 'ਚ ਇੰਗਲੈਂਡ ਖਿਲਾਫ ਪੰਜਵੇਂ ਟੈਸਟ ਮੈਚ ਦੌਰਾਨ ਭਾਰਤੀ ਟੀਮ ਦੀ ਕਮਾਨ ਸੰਭਾਲੀ ਸੀ। ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਅਜੀਤ ਅਗਰਕਰ ਦੀ ਅਗਵਾਈ ਵਾਲੀ ਸੀਨੀਅਰ ਚੋਣ ਕਮੇਟੀ ਨੇ ਟੀਮ ਦੀ ਚੋਣ ਕੀਤੀ, ਜਿਸ ਦਾ ਐਲਾਨ ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਸ਼ੁੱਕਰਵਾਰ ਦੇਰ ਰਾਤ ਕੀਤਾ। ਕਪਤਾਨ ਰੋਹਿਤ ਸ਼ਰਮਾ ਟੀਮ ਦੀ ਕਮਾਨ ਸੰਭਾਲਣਗੇ।
ਸ਼ੁਭਮਨ ਗਿੱਲ, ਯਸ਼ਸਵੀ ਜੈਸਵਾਲ, ਵਿਰਾਟ ਕੋਹਲੀ, ਕੇਐੱਲ ਰਾਹੁਲ, ਰਿਸ਼ਭ ਪੰਤ, ਸਰਫਰਾਜ਼ ਖਾਨ ਅਤੇ ਧਰੁਵ ਜੁਰੇਲ ਸਮੇਤ ਸਾਰੇ ਨਿਯਮਤ ਖਿਡਾਰੀਆਂ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਬੁਮਰਾਹ ਦੀ ਅਗਵਾਈ ਵਾਲੀ ਗੇਂਦਬਾਜ਼ੀ ਹਮਲੇ ਵਿੱਚ ਮੁਹੰਮਦ ਸਿਰਾਜ ਅਤੇ ਆਕਾਸ਼ ਦੀਪ ਸ਼ਾਮਲ ਹਨ। ਆਫ ਸਪਿਨਰ ਰਵੀਚੰਦਰਨ ਅਸ਼ਵਿਨ, ਆਲਰਾਊਂਡਰ ਰਵਿੰਦਰ ਜਡੇਜਾ, ਸਪਿਨਰ ਅਕਸ਼ਰ ਪਟੇਲ ਅਤੇ ਕੁਲਦੀਪ ਯਾਦਵ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ।