ਦੁਬਈ: ਪਾਕਿਸਤਾਨ ਦੇ ਸਾਬਕਾ ਕਪਤਾਨ ਅਤੇ ਸੱਜੇ ਹੱਥ ਦੇ ਸਟਾਰ ਬੱਲੇਬਾਜ਼ ਬਾਬਰ ਆਜ਼ਮ ਨੇ ਦੁਬਈ 'ਚ ਭਾਰਤ ਖਿਲਾਫ ਖੇਡੇ ਜਾ ਰਹੇ ਚੈਂਪੀਅਨਸ ਟਰਾਫੀ 2025 ਦੇ ਪੰਜਵੇਂ ਮੈਚ 'ਚ ਇਕ ਖਾਸ ਉਪਲੱਬਧੀ ਹਾਸਿਲ ਕੀਤੀ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਜਾ ਰਹੇ ਮੈਚ 'ਚ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਾਕਿਸਤਾਨ ਲਈ ਬਾਬਰ ਆਜ਼ਮ ਇਮਾਮ ਉਲ ਹੱਕ ਦੇ ਨਾਲ ਪਾਰੀ ਦੀ ਸ਼ੁਰੂਆਤ ਕਰਨ ਆਏ।
ਇਸ ਮੈਚ 'ਚ ਬਾਬਰ ਆਜ਼ਮ ਨੇ 26 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਇਕ ਖਾਸ ਉਪਲੱਬਧੀ ਹਾਸਲ ਕੀਤੀ। ਇਸ ਦੌਰਾਨ ਉਸ ਨੇ ਟੀਮ ਲਈ 5 ਚੌਕਿਆਂ ਦੀ ਮਦਦ ਨਾਲ 88.46 ਦੀ ਔਸਤ ਨਾਲ 23 ਦੌੜਾਂ ਬਣਾਈਆਂ। ਭਾਰਤੀ ਤੇਜ਼ ਗੇਂਦਬਾਜ਼ ਹਾਰਦਿਕ ਪੰਡਯਾ ਨੇ ਉਸ ਨੂੰ ਵਿਕਟ ਦੇ ਪਿੱਛੇ ਕੇਐੱਲ ਰਾਹੁਲ ਹੱਥੋਂ ਕੈਚ ਆਊਟ ਕਰਵਾ ਕੇ ਪੈਵੇਲੀਅਨ ਦਾ ਰਸਤਾ ਦਿਖਾਇਆ। ਪੈਵੇਲੀਅਨ ਜਾਣ ਤੋਂ ਪਹਿਲਾਂ ਬਾਬਰ ਨੇ ਪਾਕਿਸਤਾਨ ਲਈ ਪਹਿਲੀ ਵਿਕਟ ਲਈ ਇਮਾਮ ਨਾਲ 8.2 ਓਵਰਾਂ 'ਚ 41 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ ਸੀ।
1000 ਦੌੜਾਂ ਬਣਾਉਣ ਵਾਲੇ ਪਾਕਿਸਤਾਨ ਦੇ ਤੀਜੇ ਕ੍ਰਿਕਟਰ
ਬਾਬਰ ਨੇ ਅਨਵਰ ਅਤੇ ਮੀਆਂਦਾਦ ਦੀ ਬਰਾਬਰੀ ਕੀਤੀ ਇਸ ਮੈਚ ਵਿੱਚ ਬਾਬਰ ਆਜ਼ਮ ਨੇ ਇੱਕ ਵੱਡਾ ਰਿਕਾਰਡ ਆਪਣੇ ਨਾਮ ਕੀਤਾ। ਬਾਬਰ ਆਈਸੀਸੀ ਵਨਡੇ ਟੂਰਨਾਮੈਂਟ ਵਿੱਚ 1000 ਦੌੜਾਂ ਬਣਾਉਣ ਵਾਲੇ ਪਾਕਿਸਤਾਨ ਦੇ ਤੀਜੇ ਕ੍ਰਿਕਟਰ ਬਣ ਗਏ ਹਨ। ਇਸ ਨਾਲ ਉਹ ਸਾਬਕਾ ਪਾਕਿਸਤਾਨੀ ਕ੍ਰਿਕਟਰ ਸਈਦ ਅਨਵਰ ਅਤੇ ਜਾਵੇਦ ਮਿਆਂਦਾਦ ਦੇ ਕਲੱਬ 'ਚ ਦਾਖਲ ਹੋ ਗਿਆ ਹੈ। ਬਾਬਰ ਨੇ ਇਸ ਮੈਚ ਦੇ ਚੌਥੇ ਓਵਰ ਵਿੱਚ ਇਹ ਉਪਲਬਧੀ ਹਾਸਲ ਕੀਤੀ ਅਤੇ ਆਈਸੀਸੀ ਈਵੈਂਟ ਵਿੱਚ ਆਪਣੀਆਂ 1000 ਦੌੜਾਂ ਪੂਰੀਆਂ ਕਰ ਲਈਆਂ। ਉਸ ਨੇ ਇਹ ਉਪਲਬਧੀ ਆਪਣੀ 24ਵੀਂ ਪਾਰੀ ਵਿੱਚ ਹਾਸਲ ਕੀਤੀ ਹੈ।
ICC ODI ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਚੋਟੀ ਦੇ 5 ਪਾਕਿਸਤਾਨੀ ਬੱਲੇਬਾਜ਼
- ਸਈਦ ਅਨਵਰ: 25 ਪਾਰੀਆਂ ਵਿੱਚ 1204 ਦੌੜਾਂ
- ਜਾਵੇਦ ਮਿਆਂਦਾਦ: 30 ਪਾਰੀਆਂ ਵਿੱਚ 1083 ਦੌੜਾਂ
- ਬਾਬਰ ਆਜ਼ਮ: 24 ਪਾਰੀਆਂ ਵਿੱਚ 1005 ਦੌੜਾਂ
- ਮੁਹੰਮਦ ਯੂਸਫ: 25 ਪਾਰੀਆਂ ਵਿੱਚ 870 ਦੌੜਾਂ
- ਮਿਸਬਾਹ-ਉਲ-ਹੱਕ: 19 ਪਾਰੀਆਂ 'ਚ 865 ਦੌੜਾਂ
ਭਾਰਤ ਖਿਲਾਫ ਮੈਚ 'ਚ ਪਾਕਿਸਤਾਨ ਨੇ 34 ਓਵਰਾਂ 'ਚ 3 ਵਿਕਟਾਂ ਗੁਆ ਕੇ 150 ਦੌੜਾਂ ਦਾ ਅੰਕੜਾ ਪਾਰ ਕਰ ਲਿਆ ਹੈ। ਪਾਕਿਸਤਾਨ ਲਈ ਬਾਬਰ (23), ਇਮਾਮ (10) ਅਤੇ ਮੁਹੰਮਦ ਰਿਜ਼ਵਾਨ (46) ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ।