ਨਵੀਂ ਦਿੱਲੀ:ਭਾਰਤ ਬਨਾਮ ਬੰਗਲਾਦੇਸ਼ ਵਿਚਾਲੇ ਖੇਡੇ ਜਾ ਰਹੇ ਸੀਰੀਜ਼ ਦੇ ਪਹਿਲੇ ਟੈਸਟ ਮੈਚ 'ਚ ਭਾਰਤ ਨੇ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ। ਮੈਚ ਦੇ ਚੌਥੇ ਦਿਨ ਭਾਰਤ ਨੇ ਬੰਗਲਾਦੇਸ਼ ਨੂੰ 280 ਦੌੜਾਂ ਨਾਲ ਹਰਾਇਆ। ਭਾਰਤ ਨੇ ਪਹਿਲੀ ਪਾਰੀ 'ਚ 376 ਦੌੜਾਂ ਬਣਾਈਆਂ, ਜਿਸ ਦੇ ਜਵਾਬ 'ਚ ਬੰਗਲਾਦੇਸ਼ ਦੀ ਕ੍ਰਿਕਟ ਟੀਮ 149 ਦੌੜਾਂ 'ਤੇ ਆਲ ਆਊਟ ਹੋ ਗਈ। ਦੂਜੀ ਪਾਰੀ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ 515 ਦੌੜਾਂ ਦਾ ਟੀਚਾ ਦਿੱਤਾ ਜਿਸ ਵਿੱਚ ਟੀਮ ਸਿਰਫ਼ 234 ਦੌੜਾਂ ਹੀ ਬਣਾ ਸਕੀ।
ਭਾਰਤ ਲਈ ਆਰ ਅਸ਼ਵਿਨ ਨੇ ਦੂਜੀ ਪਾਰੀ ਵਿੱਚ 6 ਵਿਕਟਾਂ ਲਈਆਂ। ਇਸ ਤੋਂ ਇਲਾਵਾ ਰਵਿੰਦਰ ਜਡੇਜਾ ਨੇ 3 ਅਤੇ ਜਸਪ੍ਰੀਤ ਬੁਮਰਾਹ ਨੇ 1 ਵਿਕਟ ਲਈ। ਸ਼ਾਨਦਾਰ ਪ੍ਰਦਰਸ਼ਨ ਲਈ ਅਸ਼ਵਿਨ ਨੂੰ ਮੈਚ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ। ਉਸ ਨੇ ਪਹਿਲੀ ਪਾਰੀ ਵਿੱਚ ਸੈਂਕੜਾ ਜੜਿਆ ਅਤੇ ਦੂਜੀ ਪਾਰੀ ਵਿੱਚ 6 ਵਿਕਟਾਂ ਲਈਆਂ।
ਭਾਰਤ ਦੀ ਪਹਿਲੀ ਪਾਰੀ
ਬੰਗਲਾਦੇਸ਼ ਖਿਲਾਫ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 376 ਦੌੜਾਂ ਬਣਾਈਆਂ। ਹਾਲਾਂਕਿ ਸ਼ੁਰੂਆਤ 'ਚ ਟੀਮ ਇੰਡੀਆ ਨੇ ਆਪਣੀਆਂ 6 ਵਿਕਟਾਂ ਜਲਦੀ ਗੁਆ ਦਿੱਤੀਆਂ, ਇਸ ਤੋਂ ਬਾਅਦ ਅਸ਼ਵਿਨ ਅਤੇ ਰਵਿੰਦਰ ਜਡੇਜਾ ਦੀ ਸਾਂਝੇਦਾਰੀ ਨੇ ਟੀਮ ਨੂੰ ਸੰਭਾਲਿਆ ਅਤੇ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ। ਅਸ਼ਵਿਨ ਦੇ 113 ਦੌੜਾਂ ਦੇ ਸੈਂਕੜੇ ਅਤੇ ਜਡੇਜਾ ਦੀਆਂ 86 ਦੌੜਾਂ ਦੀ ਬਦੌਲਤ ਦੋਵਾਂ ਨੇ 199 ਦੌੜਾਂ ਦੀ ਸਾਂਝੇਦਾਰੀ ਕੀਤੀ।
ਬੰਗਲਾਦੇਸ਼ ਦੀ ਪਹਿਲੀ ਪਾਰੀ
ਭਾਰਤ ਦੀਆਂ 376 ਦੌੜਾਂ ਦੇ ਜਵਾਬ 'ਚ ਬੱਲੇਬਾਜ਼ੀ ਕਰਨ ਆਈ ਬੰਗਲਾਦੇਸ਼ ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ। ਪਹਿਲੀ ਪਾਰੀ ਵਿੱਚ ਜਸਪ੍ਰੀਤ ਬੁਮਰਾਹ ਦੀ ਤਿੱਖੀ ਗੇਂਦਬਾਜ਼ੀ ਦੀ ਬਦੌਲਤ ਬੰਗਾਲੀ ਖਿਡਾਰੀ ਸਿਰਫ਼ 149 ਦੌੜਾਂ ਹੀ ਬਣਾ ਸਕੇ। ਪੂਰੀ ਟੀਮ 150 ਤੋਂ ਘੱਟ ਸਕੋਰ 'ਤੇ ਆਲ ਆਊਟ ਹੋ ਗਈ। ਇਸ ਪਾਰੀ 'ਚ ਭਾਰਤ ਦੇ ਹੋਰ ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਆਕਾਸ਼ਦੀਪ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 2 ਵਿਕਟਾਂ, ਸਿਰਾਜ ਨੇ 2 ਵਿਕਟਾਂ ਅਤੇ ਰਵਿੰਦਰ ਜਡੇਜਾ ਨੇ 2 ਵਿਕਟਾਂ ਲਈਆਂ।