ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਵਲੋਂ ਟੂਰਨਾਮੈਂਟ ਦੇ ਲੋਗੋ ਦੇ ਰੂਪ 'ਚ ਟੀਮ ਦੀ ਚੈਂਪੀਅਨਜ਼ ਟਰਾਫੀ ਕਿੱਟ 'ਤੇ 'ਪਾਕਿਸਤਾਨ' ਲਿਖਣ ਦੀ ਇਜਾਜ਼ਤ ਦੇਣ ਤੋਂ ਕਥਿਤ ਤੌਰ 'ਤੇ ਇਨਕਾਰ ਕਰਨ 'ਤੇ ਪੈਦਾ ਹੋਏ ਵਿਵਾਦ ਦੇ ਵਿਚਕਾਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੂੰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਵਲੋਂ ਇੱਕ ਸਖ਼ਤ ਸੰਦੇਸ਼ ਭੇਜਿਆ ਗਿਆ ਹੈ।
ਚੈਂਪੀਅਨਜ਼ ਟਰਾਫੀ 2025 'ਜਰਸੀ ਵਿਵਾਦ' 'ਤੇ ਨਵਾਂ ਅਪਡੇਟ
ਮੀਡੀਆ ਰਿਪੋਰਟਾਂ ਨੇ ਖੁਲਾਸਾ ਕੀਤਾ ਹੈ ਕਿ ਬੀਸੀਸੀਆਈ 'ਮੇਜ਼ਬਾਨ ਰਾਸ਼ਟਰ ਰੈਗੂਲੇਸ਼ਨ' ਦੇ ਹਿੱਸੇ ਵਜੋਂ ਟੀਮ ਦੀ ਕਿੱਟ 'ਤੇ 'ਪਾਕਿਸਤਾਨ' ਨਹੀਂ ਲਿਖੇਗਾ ਕਿਉਂਕਿ ਭਾਰਤੀ ਟੀਮ ਦੁਬਈ ਵਿੱਚ ਆਪਣੇ ਸਾਰੇ ਚੈਂਪੀਅਨਜ਼ ਟਰਾਫੀ ਮੈਚ ਹਾਈਬ੍ਰਿਡ ਮਾਡਲ ਦੇ ਤਹਿਤ ਖੇਡੇਗੀ। ਹਾਲਾਂਕਿ ਹੁਣ ਆਈਸੀਸੀ ਨੇ ਬੀਸੀਸੀਆਈ ਨੂੰ ਕਿਹਾ ਹੈ ਕਿ ਭਾਰਤੀ ਟੀਮ ਦੀ ਕਿੱਟ 'ਤੇ 'ਪਾਕਿਸਤਾਨ' ਲਿਖਿਆ ਹੋਣਾ ਲਾਜ਼ਮੀ ਹੈ ਕਿਉਂਕਿ ਇਸ ਟੂਰਨਾਮੈਂਟ ਦਾ ਮੇਜ਼ਬਾਨ ਦੇਸ਼ ਉਹ ਹੀ ਹੈ।
BCCI ਖਿਲਾਫ ਕੀ ਕਾਰਵਾਈ ਕਰ ਸਕਦਾ ਹੈ ICC?
ਏ-ਸਪੋਰਟਸ ਨੇ ਆਈਸੀਸੀ ਦੇ ਇਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ, 'ਹਰ ਟੀਮ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੀ ਜਰਸੀ 'ਤੇ ਟੂਰਨਾਮੈਂਟ ਦਾ ਲੋਗੋ ਲਗਾਵੇ। ਸਾਰੀਆਂ ਟੀਮਾਂ ਲਈ ਇਸ ਨਿਯਮ ਦੀ ਪਾਲਣਾ ਕਰਨਾ ਲਾਜ਼ਮੀ ਹੈ। ਆਈਸੀਸੀ ਅਧਿਕਾਰੀ ਨੇ ਕਥਿਤ ਤੌਰ 'ਤੇ ਇਹ ਵੀ ਕਿਹਾ ਕਿ ਜੇਕਰ ਖਿਡਾਰੀਆਂ ਦੀਆਂ ਕਿੱਟਾਂ 'ਤੇ ਮੇਜ਼ਬਾਨ ਦੇਸ਼ ਪਾਕਿਸਤਾਨ ਦੇ ਨਾਮ ਦੇ ਨਾਲ ਚੈਂਪੀਅਨਜ਼ ਟਰਾਫੀ ਦਾ ਲੋਗੋ ਨਹੀਂ ਪਾਇਆ ਗਿਆ ਤਾਂ ਭਾਰਤੀ ਟੀਮ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ।