ਨਵੀਂ ਦਿੱਲੀ : ICC ਵੱਲੋਂ ਜਾਰੀ ਤਾਜ਼ਾ ਟੈਸਟ ਰੈਂਕਿੰਗ 'ਚ ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦਾ ਧਮਾਕਾ ਦੇਖਣ ਨੂੰ ਮਿਲਿਆ ਹੈ। ਪੰਤ ਨੂੰ ਨਿਊਜ਼ੀਲੈਂਡ ਖਿਲਾਫ ਉਨ੍ਹਾਂ ਦੇ ਧਮਾਕੇਦਾਰ ਪ੍ਰਦਰਸ਼ਨ ਦਾ ਇਨਾਮ ਮਿਲਿਆ ਹੈ, ਉਨ੍ਹਾਂ ਨੇ ਹਾਲ ਹੀ 'ਚ ਨਿਊਜ਼ੀਲੈਂਡ ਖਿਲਾਫ 3 ਮੈਚਾਂ ਦੀ ਟੈਸਟ ਸੀਰੀਜ਼ 'ਚ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੂੰ ਟੈਸਟ ਰੈਂਕਿੰਗ 'ਚ ਇਸ ਦਾ ਫਾਇਦਾ ਹੋਇਆ ਹੈ।
ਰਿਸ਼ਭ ਪੰਤ ਨੇ ਆਈਸੀਸੀ ਟੈਸਟ ਰੈਂਕਿੰਗ ਵਿੱਚ ਮਾਰੀ ਛਾਲ
ਰਿਸ਼ਭ ਪੰਤ ਨੂੰ ਆਈਸੀਸੀ ਪੁਰਸ਼ ਟੈਸਟ ਬੱਲੇਬਾਜ਼ ਰੈਂਕਿੰਗ ਵਿੱਚ ਪੰਜ ਸਥਾਨ ਦਾ ਫਾਇਦਾ ਹੋਇਆ ਹੈ। ਇਸ ਨਾਲ ਪੰਤ ਛੇਵੇਂ ਸਥਾਨ 'ਤੇ ਪਹੁੰਚ ਗਏ ਹਨ। ਪੰਤ ਆਪਣੇ ਕਰੀਅਰ ਦੇ ਸਰਵੋਤਮ ਪੰਜਵੇਂ ਸਥਾਨ ਤੋਂ ਸਿਰਫ਼ ਇੱਕ ਸਥਾਨ ਪਿੱਛੇ ਹਨ। ਪੰਤ ਤੋਂ ਇਲਾਵਾ ਟੀਮ ਇੰਡੀਆ ਦੇ ਨੌਜਵਾਨ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਇਕ ਸਥਾਨ ਹੇਠਾਂ ਚੌਥੇ ਸਥਾਨ 'ਤੇ ਆ ਗਏ ਹਨ। ਟੈਸਟ ਰੈਂਕਿੰਗ 'ਚ ਇੰਗਲੈਂਡ ਦੇ ਬੱਲੇਬਾਜ਼ ਜੋ ਰੂਟ ਪਹਿਲੇ ਅਤੇ ਨਿਊਜ਼ੀਲੈਂਡ ਦੇ ਬੱਲੇਬਾਜ਼ ਕੇਨ ਵਿਲੀਅਮਸਨ ਦੂਜੇ ਸਥਾਨ 'ਤੇ ਹਨ। ਇਸ ਤੋਂ ਇਲਾਵਾ ਹੈਰੀ ਬਰੁਕ (ਤੀਜੇ), ਜੈਸਵਾਲ (ਚੌਥੇ) ਅਤੇ ਸਟੀਵ ਸਮਿਥ (ਪੰਜਵੇਂ) ਹਨ। ਭਾਰਤ ਦਾ ਸ਼ੁਭਮਨ ਗਿੱਲ ਚਾਰ ਸਥਾਨ ਦੇ ਫਾਇਦੇ ਨਾਲ 16ਵੇਂ ਸਥਾਨ 'ਤੇ ਪਹੁੰਚ ਗਿਆ ਹੈ।