ਨਵੀਂ ਦਿੱਲੀ: ਟੀ-20 ਰੈਂਕਿੰਗ 'ਚ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਹੈ। ਟੀਮ ਇੰਡੀਆ ਨੇ ਹਾਲ ਹੀ 'ਚ ਦੱਖਣੀ ਅਫਰੀਕਾ ਨਾਲ 4 ਮੈਚਾਂ ਦੀ ਟੀ-20 ਸੀਰੀਜ਼ ਖੇਡੀ ਸੀ, ਜਿਸ 'ਚ ਭਾਰਤ ਨੇ 3-1 ਨਾਲ ਜਿੱਤ ਦਰਜ ਕੀਤੀ ਸੀ। ਇਸ ਮੈਚ 'ਚ ਭਾਰਤੀ ਖਿਡਾਰੀਆਂ ਦਾ ਦਬਦਬਾ ਦੇਖਣ ਨੂੰ ਮਿਲਿਆ। ਹੁਣ ਇਸ ਪ੍ਰਦਰਸ਼ਨ ਦਾ ਅਸਰ ਆਈਸੀਸੀ ਵੱਲੋਂ ਜਾਰੀ ਤਾਜ਼ਾ ਟੀ-20 ਰੈਂਕਿੰਗ ਵਿੱਚ ਦੇਖਿਆ ਜਾ ਸਕਦਾ ਹੈ। ਰੈਂਕਿੰਗ ਵਿੱਚ ਹਾਰਦਿਕ ਪੰਡਯਾ ਅਤੇ ਤਿਲਕ ਵਰਮਾ ਦੀ ਧਾਕ ਦੇਖੀ ਜਾ ਸਕਦੀ ਹੈ।
ਹਾਰਦਿਕ ਪੰਡਯਾ ਨੇ ਹਾਸਲ ਕੀਤਾ ਨੰਬਰ 1
ਭਾਰਤੀ ਕ੍ਰਿਕਟ ਟੀਮ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਨੇ ਤਾਜ਼ਾ ਟੀ-20 ਰੈਂਕਿੰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨੰਬਰ 1 ਆਲਰਾਊਂਡਰ ਦਾ ਸਥਾਨ ਹਾਸਲ ਕੀਤਾ ਹੈ। ਹੁਣ ਹਾਰਦਿਕ ਦੁਨੀਆਂ ਦਾ ਨੰਬਰ 1 ਟੀ-20 ਆਲਰਾਊਂਡਰ ਬਣ ਗਿਆ ਹੈ। ਹਾਰਦਿਕ ਨੇ ਤੀਜੇ ਸਥਾਨ ਤੋਂ 2 ਸਥਾਨਾਂ ਦੀ ਛਾਲ ਮਾਰੀ ਹੈ ਅਤੇ ਇੰਗਲੈਂਡ ਦੇ ਆਲਰਾਊਂਡਰ ਲਿਆਮ ਲਿਵਿੰਗਸਟੋਨ ਨੂੰ ਹਰਾ ਕੇ ਨੰਬਰ 1 ਸਥਾਨ 'ਤੇ ਕਬਜ਼ਾ ਕਰ ਲਿਆ ਹੈ। ਪੰਡਯਾ ਹੁਣ 244 ਰੇਟਿੰਗ ਅੰਕਾਂ ਨਾਲ ਵਿਸ਼ਵ ਦਾ ਨੰਬਰ 1 ਟੀ-20 ਆਲਰਾਊਂਡਰ ਹੈ।