ਨਵੀਂ ਦਿੱਲੀ: ਪਾਕਿਸਤਾਨ ਅਤੇ ਇੰਗਲੈਂਡ ਵਿਚਾਲੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾਣ ਵਾਲੀ ਹੈ। ਪਾਕਿਸਤਾਨ ਇਸ ਸੀਰੀਜ਼ ਦੀ ਮੇਜ਼ਬਾਨੀ ਕਰੇਗਾ ਪਰ ਇਸ ਤੋਂ ਪਹਿਲਾਂ ਪਾਕਿਸਤਾਨ ਕ੍ਰਿਕਟ ਟੀਮ ਵੱਲੋਂ ਕੋਈ ਚੰਗੀ ਖ਼ਬਰ ਨਹੀਂ ਆ ਰਹੀ ਹੈ। ਹੁਣ ਪਾਕਿਸਤਾਨ ਵਿੱਚ ਇੱਕ ਹਫ਼ਤੇ ਦੇ ਅੰਦਰ ਤੀਜਾ ਭੂਚਾਲ ਆਇਆ ਹੈ।
ਪਾਕਿਸਤਾਨ ਲਈ ਇੱਕ ਵਨਡੇ ਅਤੇ 25 ਟੀ-20 ਮੈਚ ਖੇਡਣ ਵਾਲੇ ਲੈੱਗ ਸਪਿਨਰ ਉਸਮਾਨ ਕਾਦਿਰ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਕੇ ਸੰਨਿਆਸ ਦਾ ਐਲਾਨ ਕੀਤਾ। ਤੁਹਾਨੂੰ ਇਹ ਵੀ ਦੱਸ ਦਈਏ ਕਿ ਉਸਮਾਨ ਕਾਦਿਰ ਪਾਕਿਸਤਾਨ ਦੇ ਸਾਬਕਾ ਟੈਸਟ ਕ੍ਰਿਕਟਰ ਅਬਦੁਲ ਕਾਦਿਰ ਦੇ ਬੇਟੇ ਹਨ।
ਉਸਮਾਨ ਕਾਦਿਰ ਦੀ ਉਮਰ ਸਿਰਫ 31 ਸਾਲ ਹੈ ਅਤੇ ਉਨ੍ਹਾਂ ਨੇ ਪਾਕਿਸਤਾਨ ਲਈ ਇਕ ਵਨਡੇ ਅਤੇ 25 ਟੀ-20 ਮੈਚ ਖੇਡੇ ਹਨ, ਜਿਸ ਵਿਚ ਉਨ੍ਹਾਂ ਨੇ ਵਨਡੇ ਵਿਚ ਇਕ ਵਿਕਟ ਅਤੇ ਟੀ-20 ਵਿਚ 31 ਵਿਕਟਾਂ ਲਈਆਂ ਹਨ। ਪਾਕਿਸਤਾਨ ਤੋਂ ਇਲਾਵਾ ਉਹ ਕਈ ਹੋਰ ਕ੍ਰਿਕਟ ਲੀਗਾਂ ਵਿੱਚ ਖੇਡਦੇ ਹਨ। ਜਿਨ੍ਹਾਂ ਵਿੱਚ ਬੀਪੀਐਲ, ਬਿਗ ਬੈਸ਼ ਲੀਗ ਅਤੇ ਸੀਪੀਐਲ ਜ਼ਿਕਰਯੋਗ ਹਨ।
ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨੀ ਬੋਰਡ ਉਸਮਾਨ ਕਾਦਿਰ ਨੂੰ ਲੀਗ ਮੈਚ ਖੇਡਣ ਲਈ ਐਨਓਸੀ ਨਹੀਂ ਦੇ ਰਿਹਾ ਸੀ, ਜਿਸ ਕਾਰਨ ਉਨ੍ਹਾਂ ਨੇ ਸੰਨਿਆਸ ਲੈਣ ਦਾ ਐਲਾਨ ਕੀਤਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਕ੍ਰਿਕਟ ਟੀਮ ਦੀ ਚੋਣ ਕਮੇਟੀ ਦੇ ਮੈਂਬਰ ਮੁਹੰਮਦ ਯੂਸਫ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਰਾਸ਼ਟਰੀ ਟੀਮ ਦੇ ਵਨਡੇ ਅਤੇ ਟੀ-20 ਕਪਤਾਨ ਬਾਬਰ ਆਜ਼ਮ ਨੇ ਵੀ ਕਪਤਾਨੀ ਛੱਡਣ ਦਾ ਐਲਾਨ ਕਰ ਦਿੱਤਾ ਹੈ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਸਭ ਉਸ ਸਮੇਂ ਹੋ ਰਿਹਾ ਹੈ ਜਦੋਂ ਪਾਕਿਸਤਾਨ ਅਤੇ ਇੰਗਲੈਂਡ ਵਿਚਾਲੇ ਤਿੰਨ ਟੈਸਟ ਮੈਚਾਂ ਦੀ ਘਰੇਲੂ ਸੀਰੀਜ਼ ਹੋਣ ਜਾ ਰਹੀ ਹੈ, ਜਿਸ ਦਾ ਪਹਿਲਾ ਮੈਚ 7 ਅਕਤੂਬਰ ਤੋਂ ਮੁਲਤਾਨ ਕ੍ਰਿਕਟ ਸਟੇਡੀਅਮ 'ਚ, ਦੂਜਾ ਟੈਸਟ 15 ਅਕਤੂਬਰ ਤੋਂ ਮੁਲਤਾਨ 'ਚ ਅਤੇ ਤੀਜਾ ਟੈਸਟ 24 ਅਕਤੂਬਰ ਤੋਂ ਰਾਵਲਪਿੰਡੀ ਵਿੱਚ ਖੇਡਿਆ ਜਾਵੇਗਾ।