ਨਵੀਂ ਦਿੱਲੀ: ਚੈਂਪੀਅਨਜ਼ ਟਰਾਫੀ 2025 'ਚ ਪਾਕਿਸਤਾਨ ਕ੍ਰਿਕਟ ਟੀਮ ਦੀ ਚੁਣੌਤੀ ਸੋਮਵਾਰ 24 ਫਰਵਰੀ ਨੂੰ ਰਾਵਲਪਿੰਡੀ ਕ੍ਰਿਕਟ ਸਟੇਡੀਅਮ 'ਚ ਬੰਗਲਾਦੇਸ਼ ‘ਤੇ ਨਿਊਜ਼ੀਲੈਂਡ ਦੀ 5 ਵਿਕਟਾਂ ਨਾਲ ਅਸਾਨ ਜਿੱਤ ਤੋਂ ਬਾਅਦ ਸਮਾਪਤ ਦੋ ਗਈ। ਨਿਊਜ਼ੀਲੈਂਡ ਨੇ ਪਹਿਲੇ ਮੈਚ 'ਚ ਪਾਕਿਸਤਾਨ ਨੂੰ 60 ਦੌੜਾਂ ਨਾਲ ਹਰਾਇਆ ਸੀ। ਇਸ ਤੋਂ ਬਾਅਦ ਇਸ ਨੂੰ ਕੱਟੜ ਵਿਰੋਧੀ ਭਾਰਤ ਤੋਂ ਵੀ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਟੂਰਨਾਮੈਂਟ ਵਿੱਚ ਦੋ-ਦੋ ਜਿੱਤਾਂ ਦੇ ਨਾਲ, ਭਾਰਤ ਅਤੇ ਨਿਊਜ਼ੀਲੈਂਡ ਨੇ ਗਰੁੱਪ ਏ ਵਿੱਚੋਂ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ, ਜਦੋਂ ਕਿ ਮੌਜੂਦਾ ਚੈਂਪੀਅਨ ਅਤੇ ਸਹਿ-ਮੇਜ਼ਬਾਨ ਪਾਕਿਸਤਾਨ ਅਤੇ ਬੰਗਲਾਦੇਸ਼ 2-2 ਹਾਰਾਂ ਨਾਲ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਚੈਂਪੀਅਨਜ਼ ਟਰਾਫੀ 2025 'ਚ ਖਰਾਬ ਪ੍ਰਦਰਸ਼ਨ ਨਾਲ ਪਾਕਿਸਤਾਨ ਦੇ ਨਾਂ ਦੋ ਸ਼ਰਮਨਾਕ ਰਿਕਾਰਡ ਜੁੜ ਗਏ ਹਨ।
ਪਾਕਿਸਤਾਨ ਨੇ ਬਣਾਏ 2 ਅਣਚਾਹੇ ਰਿਕਾਰਡ
- ਪਾਕਿਸਤਾਨ ਦਾ ਚੈਂਪੀਅਨਜ਼ ਟਰਾਫੀ ਤੋਂ ਬਾਹਰ ਹੋਣਾ 2009 ਤੋਂ ਬਾਅਦ ਪਹਿਲੀ ਵਾਰ ਸੀ ਜਦੋਂ ਮੇਜ਼ਬਾਨ ਦੇਸ਼ ਚੈਂਪੀਅਨਜ਼ ਟਰਾਫੀ ਦੇ ਗਰੁੱਪ ਪੜਾਅ ਤੋਂ ਅੱਗੇ ਵਧਣ ਵਿੱਚ ਅਸਫਲ ਰਿਹਾ। ਪਿਛਲੀ ਵਾਰ ਅਜਿਹਾ ਉਦੋਂ ਹੋਇਆ ਸੀ ਜਦੋਂ 2009 ਦੇ ਟੂਰਨਾਮੈਂਟ ਵਿੱਚ ਦੱਖਣੀ ਅਫਰੀਕਾ ਨੇ 1 ਮੈਚ ਜਿੱਤਿਆ ਸੀ ਅਤੇ 2 ਮੈਚ ਹਾਰੇ ਸਨ ਅਤੇ ਅੰਕ ਸੂਚੀ ਵਿੱਚ ਸਭ ਤੋਂ ਹੇਠਾਂ ਰਹਿ ਕੇ ਆਪਣੇ ਗਰੁੱਪ ਵਿੱਚੋਂ ਬਾਹਰ ਹੋ ਗਏ ਸਨ।
- ਰਿਜ਼ਵਾਨ ਦੀ ਅਗਵਾਈ ਵਾਲੀ ਪਾਕਿਸਤਾਨੀ ਟੀਮ ਚੈਂਪੀਅਨਜ਼ ਟਰਾਫੀ ਵਿੱਚ ਡਿਫੈਂਡਿੰਗ ਚੈਂਪੀਅਨ ਵਜੋਂ ਪ੍ਰਵੇਸ਼ ਕਰਨ ਵਾਲੀ ਚੌਥੀ ਟੀਮ ਬਣ ਗਈ ਅਤੇ ਗਰੁੱਪ ਪੜਾਅ ਤੋਂ ਬਾਹਰ ਹੋ ਗਈ। ਇਸ ਤੋਂ ਪਹਿਲਾਂ ਅਜਿਹਾ 2004 'ਚ ਹੋਇਆ ਸੀ ਜਦੋਂ ਭਾਰਤ ਅਤੇ ਸ਼੍ਰੀਲੰਕਾ ਗਰੁੱਪ ਗੇੜ ਤੋਂ ਬਾਹਰ ਹੋ ਗਏ ਸਨ। ਭਾਰਤ ਅਤੇ ਸ਼੍ਰੀਲੰਕਾ 2002 ਵਿੱਚ ਸੰਯੁਕਤ ਜੇਤੂ ਸਨ। ਪਿਛਲੀ ਵਾਰ ਅਜਿਹਾ 2013 ਵਿੱਚ ਹੋਇਆ ਸੀ ਜਦੋਂ ਮੌਜੂਦਾ ਚੈਂਪੀਅਨ ਆਸਟਰੇਲੀਆ ਕੋਈ ਵੀ ਮੈਚ ਜਿੱਤਣ ਵਿੱਚ ਅਸਫਲ ਰਿਹਾ ਸੀ ਅਤੇ ਗਰੁੱਪ ਪੜਾਅ ਵਿੱਚ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਸੀ। ਪਾਕਿਸਤਾਨ ਆਪਣਾ ਆਖਰੀ ਮੈਚ 27 ਫਰਵਰੀ ਨੂੰ ਬੰਗਲਾਦੇਸ਼ ਖਿਲਾਫ ਖੇਡੇਗਾ। ਹਾਲਾਂਕਿ, ਇਸ ਮੈਚ 'ਤੇ ਮੀਂਹ ਪੈਣ ਦਾ ਵੱਡਾ ਖਤਰਾ ਹੈ, ਜਿਸਦਾ ਮਤਲਬ ਹੈ ਕਿ ਪਾਕਿਸਤਾਨ ਬਿਨਾਂ ਜਿੱਤ ਦੇ ਟੂਰਨਾਮੈਂਟ ਨੂੰ ਖਤਮ ਕਰ ਸਕਦਾ ਹੈ।