ਬੈਂਗਲੁਰੂ: IPL 2024 ਦਾ ਸਭ ਤੋਂ ਵੱਡਾ ਮੈਚ ਅੱਜ ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਖੇਡਿਆ ਜਾਣਾ ਹੈ। ਇਹ ਮੈਚ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ 'ਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਪਲੇਆਫ 'ਚ ਪਹੁੰਚਣ ਲਈ ਦੋਵਾਂ ਟੀਮਾਂ ਲਈ ਇਹ ਮੈਚ ਜਿੱਤਣਾ ਜ਼ਰੂਰੀ ਹੈ। ਪਰ, ਇਸ ਮੈਚ 'ਤੇ ਸੰਕਟ ਦੇ ਕਾਲੇ ਬੱਦਲ ਮੰਡਰਾ ਰਹੇ ਹਨ। ਭਾਰੀ ਮੀਂਹ ਅਤੇ ਤੂਫਾਨ ਦੇ ਖਤਰੇ ਕਾਰਨ ਇਸ ਮੈਚ ਦੇ ਰੱਦ ਹੋਣ ਦੀ ਸੰਭਾਵਨਾ ਵਧ ਗਈ ਹੈ।
RCB vs CSK ਮੈਚ 'ਤੇ ਮੀਂਹ ਅਤੇ ਤੂਫਾਨ ਦਾ ਪਰਛਾਵਾਂ:ਅੱਜ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਖੇਡੇ ਜਾਣ ਵਾਲੇ ਮੈਚ 'ਤੇ ਮੀਂਹ ਅਤੇ ਤੂਫਾਨ ਦਾ ਪਰਛਾਵਾਂ ਨਜ਼ਰ ਆ ਰਿਹਾ ਹੈ। ਭਾਰਤੀ ਮੌਸਮ ਵਿਭਾਗ (IMD) ਦੇ ਨਾਲ-ਨਾਲ Accuweather.com ਨੇ ਵੀ ਇਸ ਮੈਚ ਦੇ ਸਮੇਂ ਭਾਰੀ ਮੀਂਹ ਅਤੇ ਤੂਫਾਨ ਦੀ ਸੰਭਾਵਨਾ ਜਤਾਈ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਅੱਜ ਮੱਧ ਬੈਂਗਲੁਰੂ ਖੇਤਰ ਵਿੱਚ 40-50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ, ਤੂਫ਼ਾਨ ਅਤੇ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਸ਼ਾਮ 7:30 ਵਜੇ ਮੈਚ ਸ਼ੁਰੂ ਹੋਣ ਦੇ ਸਮੇਂ, ਤਾਪਮਾਨ 23 ਡਿਗਰੀ ਸੈਲਸੀਅਸ ਰਹੇਗਾ ਅਤੇ ਅਸਮਾਨ ਬੱਦਲਵਾਈ ਰਹੇਗਾ।
ਪਿਛਲੇ ਦੋ ਹਫ਼ਤਿਆਂ ਤੋਂ ਲਗਾਤਾਰ ਹੋ ਰਹੀ ਹੈ ਬਾਰਿਸ਼: ਬੈਂਗਲੁਰੂ ਵਿੱਚ ਪਿਛਲੇ ਦੋ ਹਫ਼ਤਿਆਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਚਿੰਨਾਸਵਾਮੀ ਸਟੇਡੀਅਮ ਦੇ ਆਲੇ-ਦੁਆਲੇ ਦੇ ਖੇਤਰ 'ਚ ਵੀਰਵਾਰ ਰਾਤ ਨੂੰ ਵੀ ਮੀਂਹ ਪਿਆ, ਜੋ ਸ਼ੁੱਕਰਵਾਰ ਸਵੇਰ ਤੱਕ ਜਾਰੀ ਰਿਹਾ।