ਟੈਕਸਾਸ (ਅਮਰੀਕਾ): ਮਾਈਕ ਟਾਈਸਨ ਅਤੇ ਜੇਕ ਪਾਲ ਵਿਚਾਲੇ ਬਹੁਤ ਉਡੀਕੇ ਜਾ ਰਹੇ ਮੁਕਾਬਲੇ ਤੋਂ ਪਹਿਲਾਂ ਭਾਰਤ ਦੇ ਨੀਰਜ ਗੋਇਤ ਨੇ ਇਸੇ ਈਵੈਂਟ 'ਚ ਕੌਮਾਂਤਰੀ ਮੰਚ 'ਤੇ ਦੇਸ਼ ਦਾ ਨਾਂ ਰੌਸ਼ਨ ਕੀਤਾ। ਜੇਕ ਪਾਲ ਅਤੇ ਮਾਈਕ ਟਾਇਸਨ ਵਿਚਕਾਰ ਮੁੱਕੇਬਾਜ਼ੀ ਮੈਚ ਨੇ ਜਿੱਥੇ ਅੰਤਰਰਾਸ਼ਟਰੀ ਸੁਰਖੀਆਂ ਬਟੋਰੀਆਂ, ਉੱਥੇ ਹੀ ਭਾਰਤ ਨੂੰ ਵੀ ਇਸ ਈਵੈਂਟ ਲਈ ਚੀਅਰ ਕਰਨ ਲਈ ਇੱਕ ਖਿਡਾਰੀ ਮਿਲਿਆ।
ਭਾਰਤੀ ਮੁੱਕੇਬਾਜ਼ ਨੀਰਜ ਗੋਇਤ ਨੇ ਰਚਿਆ ਇਤਿਹਾਸ
ਪਾਲ ਜੇਕਸ ਅਤੇ ਮਾਈਕ ਟਾਇਸਨ ਵਿਚਕਾਰ ਮੈਗਾ ਲੜਾਈ ਤੋਂ ਪਹਿਲਾਂ 3 ਅੰਡਰਕਾਰਡ ਮੈਚ ਸਨ। ਇਨ੍ਹਾਂ ਵਿੱਚੋਂ ਇੱਕ ਵਿੱਚ 33 ਸਾਲਾ ਭਾਰਤੀ ਮੁੱਕੇਬਾਜ਼ ਨੀਰਜ ਗੋਇਤ ਨੇ 6 ਰਾਊਂਡ ਦੇ ਸੁਪਰ ਮਿਡਲਵੇਟ-ਸ਼੍ਰੇਣੀ ਮੁਕਾਬਲੇ ਵਿੱਚ ਬ੍ਰਾਜ਼ੀਲ ਦੇ ਯੂਟਿਊਬਰ ਅਤੇ ਕਾਮੇਡੀਅਨ ਵਿੰਡਰਸਨ ਨੂਨੇਸ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ।
ਭਾਰਤੀ ਮੁੱਕੇਬਾਜ਼ ਗੋਇਤ ਨੇ ਮਿਡਲਵੇਟ ਸੀਮਾ ਤੋਂ ਬਿਲਕੁਲ ਉੱਪਰ 6 ਰਾਊਂਡ ਤੱਕ ਚੱਲੇ ਸਖ਼ਤ ਮੁਕਾਬਲੇ ਵਿੱਚ ਸਰਬਸੰਮਤੀ ਨਾਲ ਫੈਸਲੇ (60-54) ਨਾਲ ਨੁਨੇਸ ਨੂੰ ਹਰਾਇਆ।
ਕੌਣ ਹੈ ਨੀਰਜ ਗੋਇਤ?
ਨੀਰਜ ਗੋਇਤ ਹਰਿਆਣਾ ਨਾਲ ਸਬੰਧਤ ਹੈ ਅਤੇ ਭਾਰਤੀ ਮੁੱਕੇਬਾਜ਼ ਵਜੋਂ ਕਈ ਉਪਲਬਧੀਆਂ ਹਾਸਲ ਕਰ ਚੁੱਕਾ ਹੈ। ਹਰਿਆਣਾ ਦੇ ਬੇਗਮਪੁਰ ਵਿੱਚ ਜਨਮੇ ਗੋਇਤ ਨੇ 2006 ਵਿੱਚ 15 ਸਾਲ ਦੀ ਉਮਰ ਵਿੱਚ 10ਵੀਂ ਜਮਾਤ ਵਿੱਚ ਕਾਫੀ ਦੇਰ ਨਾਲ ਮੁੱਕੇਬਾਜ਼ੀ ਸ਼ੁਰੂ ਕੀਤੀ ਸੀ। ਉਹ ਸਾਬਕਾ ਵਿਸ਼ਵ ਹੈਵੀਵੇਟ ਚੈਂਪੀਅਨ ਮਾਈਕ ਟਾਇਸਨ ਨੂੰ ਆਪਣਾ ਆਦਰਸ਼ ਮੰਨਦੇ ਹੋਏ ਖੇਡ ਵਿੱਚ ਵੱਡਾ ਹੋਇਆ।
ਇੱਕ ਸ਼ੁਕੀਨ ਮੁੱਕੇਬਾਜ਼ ਵਜੋਂ, ਗੋਇਤ ਵੈਨੇਜ਼ੁਏਲਾ ਵਿੱਚ 2016 ਦੇ ਓਲੰਪਿਕ ਕੁਆਲੀਫਾਇਰ ਦੀ ਕੋਸ਼ਿਸ਼ ਕਰਨ ਵਾਲਾ ਪਹਿਲਾ ਭਾਰਤੀ ਬਣ ਗਿਆ, ਪਰ ਅੰਤ ਵਿੱਚ ਇੱਕ ਛੋਟੇ ਫਰਕ ਨਾਲ ਖੁੰਝ ਗਿਆ। ਉਨ੍ਹਾਂ ਨੇ 2008 ਦੀਆਂ ਯੂਥ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਕਾਂਸੀ ਦਾ ਤਗਮਾ ਜਿੱਤਿਆ ਸੀ।
ਹਾਲਾਂਕਿ, ਇੱਕ ਪੇਸ਼ੇਵਰ ਮੁੱਕੇਬਾਜ਼ ਦੇ ਰੂਪ ਵਿੱਚ, ਗੋਇਤ WBC (ਵਿਸ਼ਵ ਮੁੱਕੇਬਾਜ਼ੀ ਪਰਿਸ਼ਦ) ਦੁਆਰਾ ਦਰਜਾਬੰਦੀ ਪ੍ਰਾਪਤ ਕਰਨ ਵਾਲਾ ਪਹਿਲਾ ਭਾਰਤੀ ਬਣ ਗਿਆ। ਉਹ 2015 ਤੋਂ 2017 ਤੱਕ ਲਗਾਤਾਰ 3 ਸਾਲ WBC ਏਸ਼ੀਅਨ ਚੈਂਪੀਅਨ ਵੀ ਰਿਹਾ ਹੈ। ਗੋਇਤ ਨੇ 24 ਮੈਚਾਂ ਵਿੱਚ 18 ਜਿੱਤਾਂ, 4 ਹਾਰਾਂ ਅਤੇ 2 ਡਰਾਅ ਦਾ ਪੇਸ਼ੇਵਰ ਮੁੱਕੇਬਾਜ਼ੀ ਦਾ ਰਿਕਾਰਡ ਬਣਾਇਆ ਹੈ।
ਗੋਇਤ ਦਾ ਇੱਕ ਮੁੱਕੇਬਾਜ਼ੀ ਮੈਚ ਵਿੱਚ ਡਬਲਯੂਬੀਸੀ ਚੈਂਪੀਅਨ ਆਮਿਰ ਖ਼ਾਨ ਨਾਲ ਮੁਕਾਬਲਾ ਹੋਣਾ ਸੀ, ਪਰ ਇੱਕ ਕਾਰ ਹਾਦਸੇ ਵਿੱਚ ਸਿਰ, ਚਿਹਰੇ ਅਤੇ ਖੱਬੀ ਬਾਂਹ ਵਿੱਚ ਸੱਟ ਲੱਗਣ ਕਾਰਨ ਉਨ੍ਹਾਂ ਨੂੰ ਬਾਹਰ ਹੋਣਾ ਪਿਆ।
ਜੇਕ ਪਾਲ ਅਤੇ ਕੇਐਸਆਈ ਨੂੰ ਲੜਾਈ ਲਈ ਚੁਣੌਤੀ ਦਿੱਤੀ
2023 ਦੇ ਅਖੀਰ ਵਿੱਚ, ਗੋਇਤ ਨੇ ਜੇਕ ਪਾੱਲ ਨੂੰ ਮੁਕਾਬਲੇ ਲਈ ਵਾਰ-ਵਾਰ ਬੁਲਾਇਆ, ਅਤੇ ਦੋਵਾਂ ਵਿਚਕਾਰ ਮੈਚ ਦੀ ਸੰਭਾਵਨਾ ਵਜੋਂ ਅਫਵਾਹ ਵੀ ਫੈਲਾਈ ਗਈ। ਗੋਇਤ ਨੇ ਮੋਸਟ ਵੈਲਯੂਏਬਲ ਪ੍ਰਮੋਸ਼ਨਜ਼ ਨਾਲ ਇਕਰਾਰਨਾਮੇ 'ਤੇ ਹਸਤਾਖਰ ਕੀਤੇ, ਪਰ ਕਥਿਤ ਤੌਰ 'ਤੇ ਉਨ੍ਹਾਂ ਵਿਚਾਲੇ ਮੁਕਾਬਲਾ ਪਾੱਲ ਅਤੇ ਟਾਇਸਨ ਦੇ ਨਾਲ ਮੁਕਾਬਲੇ ਤੋਂ ਬਾਅਦ ਹੀ ਹੋ ਸਕਦਾ ਹੈ। ਇਸ ਦੌਰਾਨ ਗੋਇਤ ਨੇ ਬ੍ਰਿਟਿਸ਼ ਯੂਟਿਊਬਰ ਕੇਐਸਆਈ ਨੂੰ ਬਾਕਸਿੰਗ ਮੈਚ ਲਈ ਵੀ ਸੱਦਾ ਦਿੱਤਾ।
ਮਾਈਕ ਟਾਇਸਨ ਦੀ ਜਿੱਤ 'ਤੇ ਆਪਣੀ ਜਾਇਦਾਦ ਦਾਅ 'ਤੇ ਲਗਾਈ
ਤੁਹਾਨੂੰ ਦੱਸ ਦਈਏ ਕਿ ਮਾਈਕ ਟਾਇਸਨ ਅਤੇ ਜੇਕ ਪਾੱਲ ਵਿਚਾਲੇ ਮੈਚ ਤੋਂ ਪਹਿਲਾਂ ਨੀਰਜ ਗੋਇਤ ਨੇ ਟਾਇਸਨ ਦੀ ਪਾੱਲ ਦੇ ਖਿਲਾਫ ਜਿੱਤ 'ਤੇ 1 ਮਿਲੀਅਨ ਅਮਰੀਕੀ ਡਾਲਰ (ਕਰੀਬ 8.4 ਕਰੋੜ ਰੁਪਏ) ਤੋਂ ਵੱਧ ਦੀ ਕੀਮਤ ਦਾ ਆਪਣਾ ਘਰ ਦਾਅ 'ਤੇ ਲਗਾਇਆ ਹੈ। ਜੇਕਰ ਟਾਇਸਨ ਜਿੱਤਦਾ ਹੈ ਤਾਂ ਨੀਰਜ ਨੂੰ ਵੀ ਬੋਲੀ ਦੀ ਰਕਮ ਦਾ ਕੁਝ ਹਿੱਸਾ ਮਿਲੇਗਾ।