ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਆਗਾਮੀ ਮਹਿਲਾ ਟੀ-20 ਵਿਸ਼ਵ ਕੱਪ ਲਈ ਭਾਰਤ ਦੀ ਅੰਡਰ-19 ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ 15 ਮੈਂਬਰੀ ਟੀਮ ਦੀ ਕਮਾਨ ਨਿੱਕੀ ਪ੍ਰਸਾਦ ਨੂੰ ਸੌਂਪੀ ਗਈ ਹੈ। ਭਾਰਤ ਮੌਜੂਦਾ ਅੰਡਰ-19 ਮਹਿਲਾ ਚੈਂਪੀਅਨ ਹੈ ਅਤੇ ਇਸ ਵਾਰ ਵੀ ਖਿਤਾਬ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰੇਗਾ।
ਨਿੱਕੀ ਪ੍ਰਸਾਦ ਕਪਤਾਨ ਹੋਣਗੇ
ਟੀਮ ਇੰਡੀਆ ਏਸ਼ੀਆ ਕੱਪ ਜੇਤੂ ਟੀਮ ਦੇ ਕਪਤਾਨ ਨਿੱਕੀ ਪ੍ਰਸਾਦ ਦੀ ਅਗਵਾਈ 'ਚ ਆਪਣੀ ਮੁਹਿੰਮ ਨੂੰ ਅੱਗੇ ਵਧਾਏਗੀ। ਨਿੱਕੀ ਦੀ ਕਪਤਾਨੀ ਹੇਠ, ਭਾਰਤ ਨੇ ਹਾਲ ਹੀ ਵਿੱਚ ਮਲੇਸ਼ੀਆ ਦੇ ਕੁਆਲਾਲੰਪੁਰ ਵਿੱਚ ਪਹਿਲਾ ਅੰਡਰ-19 ਮਹਿਲਾ ਏਸ਼ੀਆ ਕੱਪ ਖਿਤਾਬ ਜਿੱਤਿਆ। ਦਿਲਚਸਪ ਗੱਲ ਇਹ ਹੈ ਕਿ ਅੰਡਰ-19 ਮਹਿਲਾ ਵਿਸ਼ਵ ਕੱਪ ਵੀ ਮਲੇਸ਼ੀਆ ਵਿੱਚ 18 ਜਨਵਰੀ ਤੋਂ 2 ਫਰਵਰੀ 2025 ਤੱਕ ਹੋਵੇਗਾ।
2023 ਵਿੱਚ, ਸ਼ੈਫਾਲੀ ਵਰਮਾ ਦੀ ਕਪਤਾਨੀ ਵਿੱਚ ਭਾਰਤ ਨੇ ਦੱਖਣੀ ਅਫਰੀਕਾ ਵਿੱਚ ਪਹਿਲਾ ਅੰਡਰ-19 ਮਹਿਲਾ ਵਿਸ਼ਵ ਕੱਪ ਖਿਤਾਬ ਜਿੱਤਿਆ ਸੀ। ਏਸ਼ੀਆ ਕੱਪ ਜੇਤੂ ਟੀਮ 'ਚੋਂ ਵੈਸ਼ਨਵੀ ਐੱਸ ਨੂੰ ਮੁੱਖ ਟੀਮ 'ਚ ਸ਼ਾਮਲ ਕੀਤਾ ਗਿਆ ਹੈ, ਜਦਕਿ ਨੰਧਾਨਾ ਐੱਸ ਨੂੰ ਰਿਜ਼ਰਵ ਖਿਡਾਰੀਆਂ 'ਚ ਰੱਖਿਆ ਗਿਆ ਹੈ। ਸਾਨਿਕਾ ਚਾਲਕੇ ਟੀਮ ਦੀ ਉਪ ਕਪਤਾਨ ਹੋਣਗੇ ਅਤੇ ਕਮਲਿਨੀ ਅਤੇ ਭਾਵਿਕਾ ਅਹੀਰ ਨੂੰ ਵਿਕਟਕੀਪਰ ਦੇ ਤੌਰ 'ਤੇ ਟੀਮ 'ਚ ਜਗ੍ਹਾ ਮਿਲੀ ਹੈ।
ਕਿਵੇਂ ਹੋਵੇਗਾ ਟੂਰਨਾਮੈਂਟ ਦਾ ਫਾਰਮੈਟ?
ਟੂਰਨਾਮੈਂਟ ਵਿੱਚ 4 ਗਰੁੱਪ ਹਨ ਅਤੇ ਹਰ ਗਰੁੱਪ ਵਿੱਚ 4 ਟੀਮਾਂ ਹੋਣਗੀਆਂ। ਭਾਰਤ ਨੂੰ ਮੇਜ਼ਬਾਨ ਮਲੇਸ਼ੀਆ, ਵੈਸਟਇੰਡੀਜ਼ ਅਤੇ ਸ਼੍ਰੀਲੰਕਾ ਦੇ ਨਾਲ ਗਰੁੱਪ ਏ ਵਿੱਚ ਰੱਖਿਆ ਗਿਆ ਹੈ। ਭਾਰਤ ਦੇ ਗਰੁੱਪ ਮੈਚ ਕੁਆਲਾਲੰਪੁਰ ਦੇ ਬਿਆਮਾਸ ਓਵਲ ਸਟੇਡੀਅਮ ਵਿੱਚ ਖੇਡੇ ਜਾਣਗੇ। ਭਾਰਤ ਆਪਣਾ ਪਹਿਲਾ ਮੈਚ 19 ਜਨਵਰੀ ਨੂੰ ਵੈਸਟਇੰਡੀਜ਼ ਖਿਲਾਫ ਖੇਡੇਗਾ।
ਗਰੁੱਪ ਪੜਾਅ ਤੋਂ ਬਾਅਦ, ਹਰੇਕ ਗਰੁੱਪ ਵਿੱਚੋਂ 3 ਟੀਮਾਂ ਸੁਪਰ-6 ਲਈ ਕੁਆਲੀਫਾਈ ਕਰਨਗੀਆਂ। ਸੁਪਰ ਸਿਕਸ ਵਿੱਚ 12 ਟੀਮਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਜਾਵੇਗਾ। ਗਰੁੱਪ 1 ਵਿੱਚ ਗਰੁੱਪ ਏ ਅਤੇ ਗਰੁੱਪ ਡੀ ਦੀਆਂ ਚੋਟੀ ਦੀਆਂ 3 ਟੀਮਾਂ ਹੋਣਗੀਆਂ। ਜਦੋਂ ਕਿ ਗਰੁੱਪ 2 ਵਿੱਚ ਗਰੁੱਪ ਬੀ ਅਤੇ ਗਰੁੱਪ ਸੀ ਦੀਆਂ ਚੋਟੀ ਦੀਆਂ 3 ਟੀਮਾਂ ਸ਼ਾਮਲ ਹੋਣਗੀਆਂ।
ਸੁਪਰ ਸਿਕਸ ਵਿੱਚ, ਟੀਮਾਂ ਆਪਣੇ ਪਿਛਲੇ ਅੰਕਾਂ, ਜਿੱਤਾਂ ਅਤੇ ਨੈੱਟ ਰਨ-ਰੇਟ ਨਾਲ ਅੱਗੇ ਵਧਣਗੀਆਂ। ਹਰ ਟੀਮ ਸੁਪਰ ਸਿਕਸ 'ਚ 2 ਮੈਚ ਖੇਡੇਗੀ। ਸੁਪਰ ਸਿਕਸ ਦੇ ਦੋ ਗਰੁੱਪਾਂ ਵਿੱਚੋਂ ਚੋਟੀ ਦੀਆਂ ਦੋ ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ, ਜੋ ਕਿ 31 ਜਨਵਰੀ, 2025 ਨੂੰ ਹੋਵੇਗਾ। ਟੂਰਨਾਮੈਂਟ ਦਾ ਫਾਈਨਲ 2 ਫਰਵਰੀ 2025 ਨੂੰ ਖੇਡਿਆ ਜਾਵੇਗਾ।
ਅੰਡਰ-19 ਮਹਿਲਾ ਵਿਸ਼ਵ ਕੱਪ ਲਈ ਭਾਰਤੀ ਕ੍ਰਿਕਟ ਟੀਮ :-
ਨਿੱਕੀ ਪ੍ਰਸਾਦ (ਕਪਤਾਨ), ਸਾਨਿਕਾ ਚਾਲਕੇ (ਉਪ-ਕਪਤਾਨ), ਜੀ ਤ੍ਰਿਸ਼ਾ, ਕਮਲਿਨੀ ਜੀ (ਵਿਕਟਕੀਪਰ), ਭਾਵਿਕਾ ਅਹੀਰ (ਵਿਕਟਕੀਪਰ), ਈਸ਼ਵਰੀ ਆਵਸਰੇ, ਮਿਥਿਲਾ ਵਿਨੋਦ, ਜੋਸ਼ਿਤਾ ਵੀ ਜੇ, ਸੋਨਮ ਯਾਦਵ, ਪਰਿਣੀਤਾ ਸਿਸੋਦੀਆ, ਕੇਸਰੀ ਦ੍ਰਿਸ਼ਟੀ, ਆਯੂਸ਼ੀ ਸ਼ੁਕਲਾ, ਆਨੰਦਿਤਾ ਕਿਸ਼ੋਰ, ਐਮ.ਡੀ.ਸ਼ਬਨਮ, ਵੈਸ਼ਨਵੀ ਐਸ।
ਰਿਜ਼ਰਵ ਖਿਡਾਰੀ: ਨੰਧਾਨਾ ਐਸ, ਈਰਾ ਜੇ, ਅਨਾਡੀ ਟੀ।