ਬਰਨਾਲਾ:ਸਾਬਕਾ ਕੇਂਦਰੀ ਮੰਤਰੀ ਅਤੇ ਬੀਜੇਪੀ ਸੰਸਦ ਮੈਂਬਰ ਅਨੁਰਾਗ ਠਾਕੁਰ ਵਲੋਂ ਅੱਜ ਬਰਨਾਲਾ ਵਿਧਾਨ ਸਭਾ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਲਈ ਚੋਣ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਆਪ ਸਰਕਾਰ ਅਤੇ ਕਾਂਗਰਸ ਨੂੰ ਵੱਖ ਵੱਖ ਮੁੱਦਿਆਂ ’ਤੇ ਘੇਰਿਆ।
ਕੇਵਲ ਢਿੱਲੋ ਲਈ ਚੋਣ ਪ੍ਰਚਾਰ ਕਰਨ ਪਹੁੰਚੇ ਅਨੁਰਾਗ ਠਾਕੁਗ ਨੇ ਘੇਰੇ ਸੀਐਮ ਮਾਨ (Etv Bharat [ਪੱਤਰਕਾਰ, ਬਰਨਾਲਾ]) ਪੰਜਾਬ ਦੇ ਹਾਲਾਤ ਖਰਾਬ
ਬਰਨਾਲਾ ਦੇ ਵਿਜ਼ਟ ਹੋਟਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਤੇ ਭਾਜਪਾ ਨੇਤਾ ਅਨੁਰਾਗ ਠਾਕੁਰ ਨੇ ਕਿਹਾ ਕਿ ਪੰਜਾਬ ਲਈ ਇਹ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਤੇ ਕਾਂਗਰਸ ਲਈ ਇੱਕ ਕਰਾਰਾ ਜਵਾਬ ਦੇ ਸਕਦੀ ਹੈ। ਦੋਵੇਂ ਪਾਰਟੀਆਂ ਕਦੇ ਇਕੱਠੇ ਅਤੇ ਕਦੇ ਅਲੱਗ ਹੋਕੇ ਠੱਗਣ ਦਿਨ ਕੰਮ ਕਰਦੀਆਂ ਹਨ। ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਵੱਡੇ ਵਾਅਦੇ ਕੀਤੇ ਸਨ ਜਿਹਨਾਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਸੂਬੇ ਦੀ ਇੰਡਸਟਰੀ ਬਾਹਰ ਜਾ ਰਹੀ ਹੈ। ਰੋਜ਼ਾਨਾ ਵਪਾਰੀਆਂ ਨੂੰ ਗੈਂਗਸਟਰ ਫ਼ਿਰੌਤੀਆਂ ਮੰਗ ਰਹੇ ਹਨ। ਰੋਜ਼ਾਨਾ ਕਤਲ ਅਤੇ ਲੁੱਟਾਂਖੋਹਾਂ ਹੋ ਰਹੀਆਂ ਹਨ।
ਖੁਦ ਸੀਐਮ ਨੇ ਮਹਿੰਗੇ ਹਸਪਤਾਲ 'ਚ ਇਲਾਜ ਕਰਾਇਆ, ਪਰ ਲੋਕਾਂ ਦਾ ਹੱਕ ਖੋਹ ਲਿਆ
ਅਨੁਰਾਗ ਠਾਕੁਰ ਨੇ ਕਿਹਾ ਕਿ ਕੇਂਦਰ ਦੀ ਬੀਜੇਪੀ ਸਰਕਾਰ ਨੇ ਆਯੂਸ਼ਮਾਨ ਯੋਜਨਾ ਅਤੇ ਰਾਸ਼ਨ ਯੋਜਨਾ ਤਹਿਤ ਮੁਫ਼ਤ ਸਿਹਤ ਅਤ ਅਨਾਜ ਦੀ ਸਹੂਲਤ ਦਿੱਤੀ, ਪਰ ਪੰਜਾਬ ਸਰਕਾਰ ਨੇ ਦੋਵੇਂ ਸੇਵਾਵਾਂ ਬੰਦ ਕਰਕੇ ਗਰੀਬ ਲੋਕਾਂ ਦੇ ਇਹ ਹੱਕ ਵੀ ਖੋਹ ਲਏ। ਖੁਦ ਮੁੱਖ ਮੰਤਰੀ ਭਗਵੰਤ ਮਾਨ ਮਹਿੰਗੇ ਹਸਪਤਾਲਾਂ ਵਿੱਚ ਆਪਣਾ ਇਲਾਜ ਕਰਵਾਉਣ ਗਏ ਸੀ। ਉਹਨਾਂ ਪੰਜਾਬ ਸਰਕਾਰ ’ਤੇ ਵਰਦਿਆਂ ਕਿਹਾ ਕਿ ਝੋਨੇ ਦੀ ਖ਼ਰੀਦ ਦੇ ਮਾੜੇ ਪ੍ਰਬੰਧਾਂ ਅਤੇ ਡੀਏਪੀ ਦੀ ਘਾਟ ਲਈ ਵੀ ਪੰਜਾਬ ਦੀ ਆਪ ਸਰਕਾਰ ਜਿੰਮੇਵਾਰ ਹੈ।
ਡੀਏਪੀ ਲਈ ਵੀ ਸਰਕਾਰ ਸੁੱਤੀ ਰਹੀ
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਪਿਛਲੇ 10 ਸਾਲਾਂ ਤੋਂ ਦੁੱਗਣਾ ਬਜਟ ਰੱਖ ਕੇ ਫ਼ਸਲਾਂ ਐਮਐਸਪੀ ’ਤੇ ਖ਼ਰੀਦ ਰਹੀ ਹੈ। ਕਿਸੇ ਸਾਲ ਕੋਈ ਸਮੱਸਿਆ ਨਹੀਂ ਆਈ। ਪਰ, ਇਸ ਵਾਰ ਆਪ ਸਰਕਾਰ ਨੇ ਅਗਾਊਂ ਕੋਈ ਪ੍ਰਬੰਧ ਨਹੀਂ ਕੀਤੇ। ਜਦਕਿ ਕੇਂਦਰ ਸਰਕਾਰ ਨੇ ਝੋਨੇ ਦੀ ਖ਼ਰੀਦ ਲਈ 44 ਹਜ਼ਾਰ ਕਰੋੜ ਰੁਪਏ ਭੇਜੇ ਜਿਸ ਨਾਲ ਪੰਜਾਬ ਸਰਕਾਰ ਨੇ ਬਾਰਦਾਨਾ ਪਾਣੀ ਸਫ਼ਾਈ ਲਿਫ਼ਟਿੰਗ ਅਤੇ ਹੋਰ ਸਾਰੇ ਪ੍ਰਬੰਧ ਕਰਨੇ ਸਨ, ਪਰ ਸਰਕਾਰ ਇਸ ਸਭ ਲਈ ਨਾਕਾਮ ਰਹੀ।
ਡੀਏਪੀ ਲਈ ਵੀ ਸਰਕਾਰ ਸੁੱਤੀ ਰਹੀ ਅਤੇ ਕਾਲਾਬਜ਼ਾਰੀ ਨਹੀਂ ਰੋਕ ਸਕੀ। ਫ਼ਸਲ ਨਾ ਵਿਕਣ ਕਾਰਨ ਇੱਕ ਕਿਸਾਨ ਖ਼ੁਦਕੁਸ਼ੀ ਵੀ ਕਰ ਗਿਆ ਜਿਸ ਲਈ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਜਿੰਮੇਵਾਰ ਹੈ। ਸੜਕਾਂ ’ਤੇ ਕਿਸਾਨਾਂ ਨੂੰ ਰੋਲਣ ਲਈ ਸਿੱਧੇ ਤੌਰ ’ਤੇ ਆਪ ਸਰਕਾਰ ਜਿੰਮੇਵਾਰ ਹੈ।
ਪੰਜਾਬ ਵਿੱਚ ਨਸ਼ਾ ਕਈ ਗੁਣਾਂ ਵਧਿਆ
ਅਨੁਰਾਗ ਠਾਕੁਰ ਨੇ ਕਿਹਾ ਕਿ ਆਪ ਸਰਕਾਰ ਦੇ ਰਾਜ ਵਿੱਚ ਪੰਜਾਬ ਵਿੱਚ ਨਸ਼ਾ ਕਈ ਗੁਣਾਂ ਵਧ ਗਿਆ ਹੈ। ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਲਿਆਂ ਨੇ ਸ਼ਰਾਬ ਦੀ ਦਲਾਲੀ ‘ਚ ਮੂੰਹ ਕਾਲਾ ਕਰਵਾਇਆ। ਦਿੱਲੀ ਦੇ ਉਪ ਮੁੱਖ ਮੰਤਰੀ ਤੇ ਮੁੱਖ ਮੰਤਰੀ ਜੇਲ੍ਹ ਕੱਟ ਕੇ ਜ਼ਮਾਨਤ ’ਤੇ ਬਾਹਰ ਆਏ ਹਨ। ਉਨ੍ਹਾਂ ਕਿਹਾ ਕਿ ਆਪ ਅਤੇ ਕਾਂਗਰਸ ਦੋਨੋਂ ਪਾਰਟੀਆਂ ਤੋਂ ਭ੍ਰਿਸ਼ਟਾਚਾਰ ਨਾਲ ਭਰੀਆਂ ਹੋਈਆਂ ਹਨ। ਦੋਨੋਂ ਖੋਟੇ ਸਿੱਕੇ ਦੇ ਦੋ ਪਾਸੇ ਹਨ। ਹੁਣ ਪੰਜਾਬ ਦੇ ਲੋਕ ਇਹਨਾਂ ਦੋਵੇਂ ਪਾਰਟੀਆਂ ਨੂੰ ਸਵਾਲ ਕਰ ਰਹੇ ਹਨ ਅਤੇ ਭਾਰਤੀ ਜਨਤਾ ਪਾਰਟੀ ਨੂੰ ਪਸੰਦ ਕਰ ਰਹੇ ਹਨ ਅਤੇ ਹੁਣ ਸਮਾਂ ਬੀਜੇਪੀ ਦਾ ਹੈ।
ਕਾਂਗਰਸ ਪਾਰਟੀ ਕੋਲ ਨਾ ਨੀਤੀ ਅਤੇ ਨਾ ਨੀਅਤ
ਉਥੇ ਅਨੁਰਾਗ ਠਾਕੁਰ ਨੇ ਕਿਹਾ ਕਿ ਕਾਂਗਰਸ ਪਾਰਟੀ ਕੋਲ ਨਾ ਕੋਈ ਨੀਤੀ ਹੈ ਅਤੇ ਨਾ ਹੀ ਨੀਅਤ ਹੈ। ਕਾਂਗਰਸ ਪਾਰਟੀ ਨੇ 1984 ਵਿੱਚ ਸਿੱਖਾਂ ਦਾ ਕਤਲੇਆਮ ਕੀਤਾ। ਪਰ, ਬੀਜੇਪੀ ਦੀ ਸਰਕਾਰ ਨੇ ਇਸ ਲਈ ਸਪੈਸ਼ਲ ਐਸਆਈਟੀ ਬਣਾ ਕੇ ਸਿੱਖ ਕਤਲੇਆਮ ਦੇ ਦੋਸ਼ੀਆਂ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਵਰਗਿਆਂ ਨੂੰ ਸਜ਼ਾਵਾਂ ਦਵਾਉਣ ਦੇ ਪ੍ਰਬੰਧ ਕੀਤੇ।ਉਹਨਾਂ ਕਿਹਾ ਕਿ ਕੇਂਦਰ ਦੀ ਬੀਜੇਪੀ ਸਰਕਾਰ ਨੇ ਸਿੱਖਾਂ ਦੀ ਹਿਤੈਸ਼ੀ ਸਰਕਾਰ ਹੈ ਜਿਸ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲਵਾਇਆ ਗੁਰੂ ਗੋਬਿੰਦ ਸਿੰਘ ਦਾ 350 ਸਾਲਾ ਅਤੇ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਵੱਡੇ ਪੱਧਰ ’ਤੇ ਮਨਾਏ। ਸ਼ਾਹਿਬਜ਼ਾਦਿਆਂ ਲਈ ਵੀਰ ਬਾਲ ਦਿਵਸ ਪੂਰੇ ਦੇਸ਼ ਵਿੱਚ ਮਨਾਏ ਗਏ। ਅਫ਼ਗਾਨਿਸਤਾਨ ਵਿੱਚੋਂ ਸਪੈਸ਼ਲ ਜਹਾਜ਼ਾਂ ਰਾਹੀਂ ਹਜ਼ਾਰਾਂ ਸਿੱਖਾਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੁਰੱਖਿਅਤ ਭਾਰਤ ਲਿਆਂਦੇ ਗਏ।
ਕੇਵਲ ਸਿੰਘ ਢਿੱਲੋਂ ਦੀ ਕੀਤੀ ਸ਼ਲਾਘਾ
ਅਨੁਰਾਗ ਠਾਕੁਰ ਨੇ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੀ ਜੰਮ ਕੇ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਬਰਨਾਲਾ ਨੂੰ ਜ਼ਿਲ੍ਹਾ ਕੇਵਲ ਸਿੰਘ ਢਿੱਲੋਂ ਨੇ ਬਣਾਇਆ ਅਤੇ ਇੱਥੇ ਫਲਾਈਓਵਰ ਅੰਡਰਬ੍ਰਿਜ ਬਣਾ ਕੇ ਵਿਕਾਸ ਕਰਵਾਇਆ। ਸੁਪਰਸਪੈਸਲਿਟੀ ਹਸਪਤਾਲ ਬਰਨਾਲਾ ਦੇ ਲੋਕਾਂ ਲਈ ਲਿਆਂਦਾ ਜਿਸਨੂੰ ਆਪ ਸਰਕਾਰ ਨੇ ਰੱਦ ਕਰਵਾ ਕੇ ਬਰਨਾਲਾ ਦੇ ਲੋਕਾਂ ਤੋਂ ਸਿਹਤ ਸਹੂਲਤਾਂ ਦਾ ਹੱਕ ਹੋ ਲਿਆ।ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਡੀਏਪੀ ਖ਼ਾਦ ਦੀ ਘਾਟ ਨੂੰ ਕੇਵਲ ਢਿੱਲੋਂ ਨੇ ਪੀਐਮ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਖ਼ਾਦ ਮੰਤਰੀ ਜੇਪੀ ਨੱਢਾ ਨਾਲ ਸਿੱਧਾ ਗੱਲ ਕਰਕੇ ਹੱਲ ਕਰਵਾਇਆ। ਜਿਸ ਸਦਕਾ ਬਰਨਾਲਾ ਦੇ ਕਿਸਾਨਾਂ ਲਈ ਸਿੱਧਾ ਡੀਏਪੀ ਦਾ ਰੇਲਵੇ ਰੈਕ ਆਇਆ। ਜਦਕਿ, ਇੱਥੋਂ ਦੇ ਐਮਪੀ ਅਤੇ ਐਮਐਲਏ ਕੁੱਝ ਨਹੀਂ ਕਰ ਸਕੇ।
ਉਹਨਾਂ ਕਿਹਾ ਕਿ ਬਰਨਾਲਾ ਦੇ ਲੋਕ ਭਾਜਪਾ ਦਾ ਸਾਥ ਦੇ ਕੇ ਕੇਵਲ ਸਿੰਘ ਢਿੱਲੋਂ ਨੂੰ ਜਿਤਾਉਣ ਜਿਸ ਨਾਲ ਬਰਨਾਲਾ ਦੇ ਲੋਕਾਂ ਦਾ ਵੱਡਾ ਫ਼ਾਇਦਾ ਹੋਵੇਗਾ ਜਿਸ ਨਾਲ ਬਰਨਾਲਾ ਵਿੱਚ ਵੱਡੇ ਵਿਕਾਸ ਦੇ ਪ੍ਰੋਜੈਕਟ ਲਿਆਉਣ ਦੀ ਕੇਵਲ ਸਿੰਘ ਢਿੱਲੋਂ ਪਹੁੰਚ ਰੱਖਦੇ ਹਨ।