ਲੁਧਿਆਣਾ:ਪੰਚਾਇਤੀ ਚੋਣਾਂ ਲਈ ਕੱਲ੍ਹ ਤੋਂ ਨਾਮਜ਼ਦਗੀਆਂ ਭਰੀਆਂ ਜਾਣੀਆਂ ਹਨ ਅਤੇ ਇੱਕ ਦਿਨ ਨਾਮਜ਼ਦਗੀਆਂ ਭਰਨ ਲਈ ਰੱਖਿਆ ਗਿਆ ਹੈ। ਜਦੋਂ ਕਿ ਦੂਜੇ ਪਾਸੇ ਪੰਜ ਤਰੀਕ ਨੂੰ ਨਾਮਜ਼ਦਗੀਆਂ ਵਾਪਸ ਲੈਣ ਦਾ ਦਿਨ ਹੋਵੇਗਾ, ਜਿਸ ਕਰਕੇ ਵਿਰੋਧੀ ਪਾਰਟੀਆਂ ਦੇ ਆਗੂ ਇਸ ਨੂੰ ਨਾ ਕਾਫੀ ਦੱਸ ਰਹੇ ਹਨ। ਅੱਜ ਇਹਨਾਂ ਮੁੱਦਿਆਂ ਨੂੰ ਲੈ ਕੇ ਕਾਂਗਰਸ ਦੇ ਆਗੂ ਲੁਧਿਆਣਾ ਦੇ ਡੀਸੀ ਨੂੰ ਮਿਲੇ ਅਤੇ ਮੰਗ ਕੀਤੀ ਕਿ ਸਾਡੇ ਉਮੀਦਵਾਰਾਂ ਨੂੰ ਬੀਡੀਪੀਓ ਐਨਓਸੀ ਜਾਰੀ ਨਹੀਂ ਕਰ ਰਹੇ ਹਨ। ਇਥੋਂ ਤੱਕ ਕਿ ਚੁੱਲ੍ਹਾ ਟੈਕਸ ਅਤੇ ਕੁੱਝ ਹੋਰ ਬਹਾਨੇ ਲਗਾ ਕੇ ਉਹਨਾਂ ਦੇ ਕਾਗਜ਼ ਰੱਦ ਕੀਤੇ ਜਾ ਰਹੇ ਹਨ। ਜਿਸ ਕਰਕੇ ਉਹ ਅੱਜ ਡੀਸੀ ਨੂੰ ਮਿਲਣ ਲਈ ਪਹੁੰਚੇ ਹਨ ਅਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਚੋਣਾਂ ਨਿਰਪੱਖ ਹੋ ਕੇ ਕਰਵਾਈਆਂ ਜਾਣ।
'ਆਪ' ਦੇ ਇਸ਼ਾਰੇ ਉੱਤੇ ਲੋਕਤੰਤਰ ਦਾ ਹੋ ਰਿਹਾ ਘਾਣ' (ETV BHARAT PUNJAB (ਰਿਪੋਟਰ,ਲੁਧਿਆਣਾ))
ਨਾਮਜ਼ਦਗੀਆਂ ਭਰਨ ਦਾ ਸਮਾਂ ਹੋਰ ਵਧਾਇਆ ਜਾਵੇ
ਸਾਬਕਾ ਐਮਐਲਏ ਕੁਲਦੀਪ ਵੈਦ ਨੇ ਕਿਹਾ ਕਿ ਹਾਲਾਤ ਇਹ ਹੋ ਗਏ ਹਨ ਕਿ ਸਾਡੇ ਸਰਪੰਚਾਂ ਦੇ ਕਾਗਜ਼ ਤੱਕ ਨਹੀਂ ਪੂਰੇ ਭਰੇ ਗਏ। ਉਹਨਾਂ ਕਿਹਾ ਕਿ ਐੱਨਓਸੀ ਨਹੀਂ ਦਿੱਤੀ ਗਈ। ਅਸੀਂ ਕਈ ਵਾਰ ਚੋਣਾਂ ਕਰਵਾਈਆਂ ਹਨ ਪਰ ਅਜਿਹੇ ਹਾਲਾਤ ਪੈਦਾ ਨਹੀਂ ਹੋਏ। ਇੱਕ ਦਿਨ ਨਾਮਜਦਗੀਆਂ ਲਈ ਰੱਖਿਆ ਗਿਆ ਹੈ, ਉਹਨਾਂ ਕਿਹਾ ਕਿ ਜਿਨ੍ਹਾਂ ਚੋਣਾਂ ਦੇ ਲਈ ਲਗਭਗ ਤਿੰਨ ਮਹੀਨੇ ਦਾ ਸਮਾਂ ਲੱਗਦਾ ਹੈ ਉਹਨਾਂ ਲਈ 15 ਦਿਨ ਦਾ ਸਮਾਂ ਰੱਖਿਆ ਗਿਆ ਜੋ ਕਿ ਬਹੁਤ ਘੱਟ ਸੀ। ਉਹਨਾਂ ਕਿਹਾ ਕਿ ਸਾਨੂੰ ਲੱਗ ਰਿਹਾ ਹੈ ਕਿ ਕੱਲ੍ਹ ਵੀ ਹਾਲਾਤ ਕਾਫੀ ਵਿਗੜ ਸਕਦੇ ਹਨ। ਅਸੀਂ ਮੰਗ ਕਰਦੇ ਹਾਂ ਕਿ ਭਾਵੇਂ ਇਹ ਪਹਿਲਾਂ ਆਪਣੇ ਉਮੀਦਵਾਰਾਂ ਤੋਂ ਨਾਮਜ਼ਦਗੀਆਂ ਦਾਖਲ ਕਰਵਾ ਲੈਣ ਪਰ ਸਾਨੂੰ ਵੀ ਬਾਹਰ ਵਿੱਚ ਸਮਾਂ ਦਿੱਤਾ ਜਾਵੇ। ਕੁਲਦੀਪ ਵੈਦ ਨੇ ਕਿਹਾ ਕਿ ਇੱਕ ਦਿਨ ਨਾਕਾਫੀ ਹੈ, ਅਸੀਂ ਚੋਣ ਕਮਿਸ਼ਨ ਨੂੰ ਵੀ ਇਸ ਦੀ ਮੰਗ ਕੀਤੀ ਹੈ ਕਿ ਨਾਮਜ਼ਦਗੀਆਂ ਭਰਨ ਦਾ ਸਮਾਂ ਹੋਰ ਵਧਾਇਆ ਜਾਵੇ।
ਦਬਾਅ ਪਾਕੇ ਨਾ ਹੋਵੇ ਸਰਬ ਸੰਮਤੀ
ਦੂਜੇ ਪਾਸੇ ਕਾਂਗਰਸ ਦੇ ਬੁਲਾਰੇ ਕਵਰ ਹਰਪ੍ਰੀਤ ਨੇ ਕਿਹਾ ਕਿ ਸਾਡੀ ਡੀਸੀ ਨਾਲ ਗੱਲਬਾਤ ਹੋਈ ਹੈ, ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਹੈ ਪਰ ਚੋਣਾਂ ਨਿਰਪੱਖ ਢੰਗ ਨਾਲ ਨਹੀਂ ਕਰਵਾਈਆਂ ਜਾ ਰਹੀਆਂ। ਉਹਨਾਂ ਕਿਹਾ ਕਿ ਅਸੀਂ ਵੀ ਸਰਬਸੰਮਤੀਆਂ ਦੇ ਹੱਕ ਦੇ ਵਿੱਚ ਹਾਂ ਪਰ ਉਹ ਜਬਰ ਸੰਮਤੀਆਂ ਨਹੀਂ ਹੋਣੀਆਂ ਚਾਹੀਦੀਆਂ। ਦਬਾਅ ਪਾਕੇ ਪਿੰਡ ਦੇ ਸਰਪੰਚ ਨਹੀਂ ਚੁਣੇ ਜਾਣੇ ਚਾਹੀਦੇ ਕਿਉਂਕਿ ਇਹ ਲੋਕਤੰਤਰ ਹੈ ਹਰ ਕਿਸੇ ਨੂੰ ਚੋਣਾਂ ਲੜਨ ਦਾ ਅਧਿਕਾਰ ਹੈ। ਉਹਨਾਂ ਕਿਹਾ ਕਿ ਅਸੀਂ ਪਿੰਡ ਕੈਂਡ ਦੇ ਵਿੱਚ ਵੀ ਸਰਬ ਸੰਮਤੀ ਦੇ ਨਾਲ ਸਰਪੰਚ ਬਣਾਇਆ ਹੈ ਅਤੇ ਅਸੀਂ ਵੀ ਚਾਹੁੰਦੇ ਹਾਂ ਕਿ ਸਰਬ ਸਮਤੀਆਂ ਹੋਣ।