ਚੰਡੀਗੜ੍ਹ: ਮੌਜੂਦਾ ਸਮੇਂ ਵਿੱਚ ਸਿਆਸਤ ਤੋਂ ਦੂਰੀ ਬਣਾ ਕੇ ਬੈਠੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੇ ਸਿਆਸੀ ਸਲਾਹਕਾਰ ਰਹਿ ਚੁੱਕੇ ਮਾਲਵਿੰਦਰ ਮਾਲੀ ਨੂੰ ਮੁਹਾਲੀ ਦੇ ਸੀਆਈਏ ਸਟਾਫ ਨੇ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਿਕ ਮੋਹਾਲੀ ਪੁਲਿਸ ਨੇ ਪਟਿਆਲਾ ਰਹਿੰਦੇ ਮਾਲਵਿੰਦਰ ਦੇ ਭਰਾ ਰਣਜੀਤ ਸਿੰਘ ਗਰੇਵਾਲ ਦੇ ਘਰੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਕਿਉਂ ਹੋਈ ਗ੍ਰਿਫ਼ਤਾਰੀ
ਇਹ ਗ੍ਰਿਫ਼ਤਾਰੀ ਮਾਲਵਿੰਦਰ ਮਾਲੀ ਖ਼ਿਲਾਫ਼ ਆਈ.ਟੀ.ਐਕਟ ਅਧੀਨ ਇੱਕ ਮਾਮਲਾ ਦਰਜ ਹੋਣ ਤੋਂ ਬਾਅਦ ਕੀਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਪੁਲਿਸ ਵੱਲੋਂ ਆਈ.ਟੀ. ਸਿਟੀ ਥਾਣਾ ਮੁਹਾਲੀ ’ਚ ਉਨ੍ਹਾਂ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਸਬੰਧੀ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਉੱਤੇ ਧਾਰਾ 196 ਅਤੇ 295-ਏ ਤਹਿਤ ਮਾਮਲਾ ਦਰਜ ਕੀਤਾ ਗਿਆ। ਪੁਲਿਸ ਜਦੋਂ ਉਨ੍ਹਾਂ ਦੇ ਘਰ ਸੈਕਟਰ 91 ਦੇ ਪਹੁੰਚੀ ਤਾਂ ਉ਼ੱਥੇ ਜਿੰਦਰਾ ਲੱਗਿਆ ਹੋਇਆ ਸੀ। ਫੋਨ ਕਰਨ ’ਤੇ ਉਨ੍ਹਾਂ ਦੱਸਿਆ ਕਿ ਉਹ ਪਟਿਆਲੇ ਆਪਣੇ ਭਰਾ ਦੇ ਘਰ ਆਏ ਹੋਏ ਹਨ। ਇਸ ਤੋਂ ਤੁਰੰਤ ਬਾਅਦ ਸੀ.ਆਈ.ਏ. ਮੋਹਾਲੀ ਦੀ ਪਹਿਲਾਂ ਹੀ ਪਟਿਆਲਾ ਪਹੁੰਚੀ ਹੋਈ ਟੀਮ ਨੇ ਉਨ੍ਹਾਂ ਦੇ ਭਰਾ ਦੇ ਘਰ ਛਾਪਾ ਮਾਰਿਆ ਅਤੇ ਮਾਲੀ ਨੂੰ ਹਿਰਾਸਤ ’ਚ ਲੈ ਲਿਆ।