ਖਾਣਾ ਪਕਾਉਣਾ ਇੱਕ ਕਲਾ ਹੈ। ਇਸ ਲਈ ਸੁਆਦੀ ਭੋਜਨ ਪਕਾਉਣਾ ਹਰ ਕਿਸੇ ਲਈ ਸੰਭਵ ਨਹੀਂ ਹੋ ਸਕਦਾ। ਸਬਜ਼ੀਆਂ, ਦਾਲਾਂ ਜਾਂ ਕੋਈ ਵੀ ਗ੍ਰੇਵੀ ਬਣਾਉਂਦੇ ਸਮੇਂ ਇਸ ਵਿੱਚ ਲੂਣ, ਜੀਰਾ ਅਤੇ ਇਮਲੀ ਦੀ ਲੋੜੀਂਦੀ ਮਾਤਰਾ ਨੂੰ ਸ਼ਾਮਿਲ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਜੇਕਰ ਕਿਸੇ ਸਬਜ਼ੀ 'ਚ ਇਨ੍ਹਾਂ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਉਸ ਨੂੰ ਖਾਣਾ ਥੋੜਾ ਮੁਸ਼ਕਿਲ ਹੋ ਜਾਂਦਾ ਹੈ। ਜੇਕਰ ਜ਼ਿਆਦਾ ਮਸਾਲਾ ਹੋਵੇ ਤਾਂ ਲੋਕ ਇਸ ਨੂੰ ਖਾ ਸਕਦੇ ਹਨ ਪਰ ਜੇਕਰ ਜ਼ਿਆਦਾ ਲੂਣ ਹੋਵੇ ਤਾਂ ਖਾਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਦੇ ਨਾਲ ਹੀ, ਲੂਣ ਦਾ ਜ਼ਿਆਦਾ ਸੇਵਨ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਵੀ ਬਣ ਸਕਦਾ ਹੈ।
ਸਬਜ਼ੀਂ 'ਚ ਜ਼ਿਆਦਾ ਲੂਣ ਪੈ ਜਾਣ 'ਤੇ ਕੀ ਕਰੀਏ?
ਨਾਰੀਅਲ ਦਾ ਦੁੱਧ: ਜੇਕਰ ਕਿਸੇ ਵੀ ਗ੍ਰੇਵੀ ਵਿੱਚ ਬਹੁਤ ਜ਼ਿਆਦਾ ਲੂਣ ਪੈ ਗਿਆ ਹੈ ਤਾਂ ਤੁਸੀਂ ਨਾਰੀਅਲ ਦੇ ਦੁੱਧ ਨੂੰ ਨਿਚੋੜ ਕੇ ਉਸ ਵਿੱਚ ਮਿਲਾ ਸਕਦੇ ਹੋ। ਇਸ ਲਈ ਨਾਰੀਅਲ ਦੇ ਦੁੱਧ 'ਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਗ੍ਰੇਵੀ 'ਚ ਮਿਲਾ ਲਓ। ਅਜਿਹਾ ਕਰਨ ਨਾਲ ਤੁਸੀਂ ਸਬਜ਼ੀ ਦਾ ਸੁਆਦ ਵਧਾ ਸਕਦੇ ਹੋ ਅਤੇ ਵਾਧੂ ਲੂਣ ਨੂੰ ਵੀ ਸੰਤੁਲਿਤ ਕਰ ਸਕਦੇ ਹੋ।
ਦਹੀਂ: ਜੇਕਰ ਸਬਜ਼ੀ ਬਹੁਤ ਜ਼ਿਆਦਾ ਲੂਣ ਵਾਲੀ ਹੈ ਤਾਂ ਇਸ 'ਚ ਇੱਕ ਚਮਚ ਦਹੀਂ ਪਾ ਕੇ ਚੰਗੀ ਤਰ੍ਹਾਂ ਮਿਲਾਓ। ਫਿਰ ਇਸ ਨੂੰ 5 ਮਿੰਟ ਲਈ ਗਰਮ ਕਰੋ। ਇਹ ਵੀ ਲੂਣ ਨੂੰ ਘੱਟ ਕਰਨ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਹੈ।
ਉਬਲੇ ਹੋਏ ਆਲੂ: ਜੇਕਰ ਆਲੂ ਦੀ ਸਬਜ਼ੀ 'ਚ ਲੂਣ ਬਹੁਤ ਜ਼ਿਆਦਾ ਹੈ ਤਾਂ ਤੁਸੀਂ ਉਬਲੇ ਹੋਏ ਆਲੂ ਦੀ ਵਰਤੋਂ ਵੀ ਕਰ ਸਕਦੇ ਹੋ। ਇਹ ਸਭ ਤੋਂ ਆਮ ਤਰੀਕਿਆਂ ਵਿੱਚੋਂ ਇੱਕ ਹੈ। ਇਸ ਲਈ ਆਲੂਆਂ ਨੂੰ ਉਬਾਲ ਕੇ ਮੈਸ਼ ਕਰ ਲਓ ਅਤੇ ਸਬਜ਼ੀ 'ਚ ਮਿਲਾ ਕੇ ਕੁਝ ਦੇਰ ਲਈ ਛੱਡ ਦਿਓ। ਇਸ ਤੋਂ ਇਲਾਵਾ ਤੁਸੀਂ ਕੱਚੇ ਆਲੂ ਨੂੰ ਛੋਟੇ-ਛੋਟੇ ਟੁਕੜਿਆਂ 'ਚ ਕੱਟ ਕੇ ਸਬਜ਼ੀ 'ਚ ਮਿਲਾ ਸਕਦੇ ਹੋ। ਇਸ ਨੂੰ ਘੱਟੋ-ਘੱਟ 15 ਮਿੰਟ ਤੱਕ ਪਕਾਓ। ਆਲੂ ਸਬਜ਼ੀਆਂ ਵਿੱਚ ਮੌਜੂਦ ਵਾਧੂ ਲੂਣ ਨੂੰ ਸੋਖ ਲਵੇਗਾ ਅਤੇ ਲੂਣ ਦੀ ਮਾਤਰਾ ਨੂੰ ਬਰਾਬਰ ਕਰ ਲਵੇਗਾ।
ਖੰਡ: ਜੇਕਰ ਸਬਜ਼ੀ ਵਿੱਚ ਲੂਣ ਬਹੁਤ ਜ਼ਿਆਦਾ ਹੈ ਤਾਂ ਤੁਸੀਂ ਖੰਡ ਜਾਂ ਗੁੜ ਮਿਲਾ ਸਕਦੇ ਹੋ। ਖੰਡ ਦੀ ਮਿਠਾਸ ਲੂਣ ਨੂੰ ਕੁਝ ਹੱਦ ਤੱਕ ਘੱਟ ਕਰਨ ਵਿੱਚ ਮਦਦ ਕਰਦੀ ਹੈ। ਇਸ ਦੀ ਵਰਤੋਂ ਦਾਲ ਅਤੇ ਅਚਾਰ ਵਿੱਚ ਵੀ ਕੀਤੀ ਜਾਂਦੀ ਹੈ। ਇਸ ਨਾਲ ਨਾ ਸਿਰਫ ਜ਼ਿਆਦਾ ਲੂਣ ਘੱਟ ਹੋਵੇਗਾ ਸਗੋਂ ਗ੍ਰੇਵੀ ਦਾ ਸਵਾਦ ਵੀ ਵਧੇਗਾ। ਪਰ ਇਸ ਵਿਧੀ ਨੂੰ ਹਰ ਕਿਸਮ ਦੀਆਂ ਗ੍ਰੇਵੀਜ਼ 'ਤੇ ਨਾ ਅਜ਼ਮਾਓ।