ਓਟਾਵਾ: ਨਿਊ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਦੇ ਆਗੂ ਅਤੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸਹਿਯੋਗੀ ਜਗਮੀਤ ਸਿੰਘ ਨੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੈਨੇਡਾ ਦੇ ਰਲੇਵੇਂ ਸਬੰਧੀ ਦਿੱਤੇ ਬਿਆਨਾਂ ਖ਼ਿਲਾਫ਼ ਸਖ਼ਤ ਚਿਤਾਵਨੀ ਦਿੱਤੀ ਹੈ।
ਸੋਸ਼ਲ ਮੀਡੀਆ ਸਾਈਟ ਐਕਸ 'ਤੇ ਪੋਸਟ ਕੀਤੀ ਇਕ ਵੀਡੀਓ ਵਿਚ ਜਗਮੀਤ ਸਿੰਘ ਨੇ ਕਿਹਾ, 'ਮੇਰੇ ਕੋਲ ਡੋਨਾਲਡ ਟਰੰਪ ਲਈ ਇਕ ਸੰਦੇਸ਼ ਹੈ। ਸਾਡਾ ਦੇਸ਼ (ਕੈਨੇਡਾ) ਵਿਕਰੀ ਲਈ ਨਹੀਂ ਹੈ। ਨਾ ਇਹ ਹੁਣ ਹੈ ਅਤੇ ਨਾ ਹੀ ਇਹ ਕਦੇ ਹੋਵੇਗਾ'।
ਕੈਨੇਡੀਅਨ ਮਾਣ ਨਾਲ ਭਰੇ ਹੋਏ
ਜਗਮੀਤ ਸਿੰਘ ਨੇ ਕਿਹਾ ਕਿ ਕੈਨੇਡੀਅਨ ਮਾਣ ਨਾਲ ਭਰੇ ਹੋਏ ਹਨ। ਉਸ ਨੂੰ ਆਪਣੇ ਦੇਸ਼ 'ਤੇ ਮਾਣ ਹੈ। ਉਹ ਇਸ ਨੂੰ ਬਚਾਉਣ ਖਾਤਿਰ ਲੜਨ ਲਈ ਵੀ ਤਿਆਰ ਹਨ। ਸਿੰਘ ਨੇ ਕਿਹਾ ਕਿ ਜੇਕਰ ਅਮਰੀਕਾ ਕੈਨੇਡਾ 'ਤੇ ਟੈਰਿਫ ਲਗਾਉਂਦਾ ਹੈ ਤਾਂ ਅਸੀਂ ਇਸ ਦਾ ਜਵਾਬ ਦੇਵਾਂਗੇ। ਉਨ੍ਹਾਂ ਕਿਹਾ, 'ਜੇਕਰ ਡੋਨਾਲਡ ਟਰੰਪ ਸੋਚਦੇ ਹਨ ਕਿ ਤੁਸੀਂ ਸਾਡੇ ਨਾਲ ਲੜ ਸਕਦੇ ਹੋ, ਤਾਂ ਕੀਮਤ ਚੁਕਾਉਣੀ ਪਵੇਗੀ। ਜੇਕਰ ਡੋਨਾਲਡ ਟਰੰਪ ਸਾਡੇ 'ਤੇ ਟੈਰਿਫ ਲਗਾਉਂਦੇ ਹਨ ਤਾਂ ਅਸੀਂ ਉਸੇ ਤਰ੍ਹਾਂ ਜਵਾਬ ਦੇਵਾਂਗੇ। ਮੈਨੂੰ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੋਣ ਲੜ ਰਹੇ ਕਿਸੇ ਵੀ ਵਿਅਕਤੀ ਨੂੰ ਅਜਿਹਾ ਕਰਨਾ ਚਾਹੀਦਾ ਹੈ।
ਟਰੰਪ ਕੈਨੇਡਾ 'ਤੇ ਕਬਜ਼ਾ ਕਰਨ ਅਤੇ ਇਸ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦੀਆਂ ਆਪਣੀਆਂ ਯੋਜਨਾਵਾਂ ਬਾਰੇ ਬੋਲ ਰਹੇ ਹਨ। ਦਸੰਬਰ ਦੇ ਸ਼ੁਰੂ ਵਿਚ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' 'ਤੇ ਪੋਸਟ ਕਰਦੇ ਹੋਏ ਕਿਹਾ ਸੀ, 'ਬਹੁਤ ਸਾਰੇ ਕੈਨੇਡੀਅਨ ਚਾਹੁੰਦੇ ਹਨ ਕਿ ਕੈਨੇਡਾ 51ਵਾਂ ਰਾਜ ਬਣੇ।' ਕ੍ਰਿਸਮਸ 'ਤੇ ਉਨ੍ਹਾਂ ਨੇ ਕੈਨੇਡਾ ਦੇ ਅਮਰੀਕਾ ਦਾ ਹਿੱਸਾ ਬਣਨ ਦੇ ਫਾਇਦੇ ਦੱਸੇ ਸਨ। ਉਨ੍ਹਾਂ ਦੇ ਟੈਕਸਾਂ ਵਿੱਚ 60 ਪ੍ਰਤੀਸ਼ਤ ਤੋਂ ਵੱਧ ਦੀ ਕਟੌਤੀ ਕੀਤੀ ਜਾਵੇਗੀ, ਉਨ੍ਹਾਂ ਦੇ ਕਾਰੋਬਾਰਾਂ ਦਾ ਆਕਾਰ ਇੱਕਦਮ ਦੁੱਗਣਾ ਹੋ ਜਾਵੇਗਾ, ਅਤੇ ਉਨ੍ਹਾਂ ਨੂੰ ਫੌਜੀ ਸੁਰੱਖਿਆ ਮਿਲੇਗੀ ਜੋ ਦੁਨੀਆ ਦੇ ਕਿਸੇ ਹੋਰ ਦੇਸ਼ ਨੂੰ ਨਹੀਂ ਮਿਲਦੀ।
ਇਸ ਮਹੀਨੇ ਦੇ ਸ਼ੁਰੂ ਵਿੱਚ ਜਸਟਿਨ ਟਰੂਡੋ ਦੇ ਅਸਤੀਫੇ ਦਾ ਐਲਾਨ ਕਰਨ ਤੋਂ ਬਾਅਦ, ਟਰੰਪ ਨੇ ਇੱਕ ਵਾਰ ਫਿਰ ਕੈਨੇਡਾ ਨੂੰ ਅਮਰੀਕਾ ਵਿੱਚ ਰਲੇਵੇਂ ਦਾ ਵਿਚਾਰ ਪੇਸ਼ ਕੀਤਾ। ਉਨ੍ਹਾਂ ਕਿਹਾ, 'ਜੇਕਰ ਕੈਨੇਡਾ ਅਮਰੀਕਾ ਨਾਲ ਰਲੇਵਾਂ ਹੋ ਜਾਂਦਾ ਹੈ ਤਾਂ ਕੋਈ ਟੈਰਿਫ ਨਹੀਂ ਹੋਵੇਗਾ, ਟੈਕਸ ਬਹੁਤ ਘੱਟ ਹੋ ਜਾਣਗੇ ਅਤੇ ਉਹ ਰੂਸੀ ਅਤੇ ਚੀਨੀ ਜਹਾਜ਼ਾਂ ਦੇ ਖਤਰੇ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਹੋ ਜਾਣਗੇ। ਇਕੱਠੇ, ਇਹ ਕਿੰਨੀ ਮਹਾਨ ਕੌਮ ਹੋਵੇਗੀ! ਜਸਟਿਨ ਟਰੂਡੋ ਨੇ ਤੁਰੰਤ ਟਰੰਪ 'ਤੇ ਪਲਟਵਾਰ ਕਰਦੇ ਹੋਏ ਕਿਹਾ, 'ਇਸ ਗੱਲ ਦੀ ਕੋਈ ਸੰਭਾਵਨਾ ਨਹੀਂ ਹੈ ਕਿ ਕੈਨੇਡਾ ਅਮਰੀਕਾ ਦਾ ਹਿੱਸਾ ਬਣ ਜਾਵੇਗਾ।'