ਇਸਲਾਮਾਬਾਦ:ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ 'ਚ ਵੀਰਵਾਰ ਨੂੰ ਵੱਡਾ ਅੱਤਵਾਦੀ ਹਮਲਾ ਹੋਇਆ। ਪੀਟੀਆਈ ਨਿਊਜ਼ ਏਜੰਸੀ ਮੁਤਾਬਿਕ ਇਸ ਹਮਲੇ ਵਿੱਚ 50 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। 20 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਪਾਕਿਸਤਾਨ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅੱਤਵਾਦੀਆਂ ਨੇ ਸ਼ੀਆ ਮੁਸਲਿਮ ਯਾਤਰੀਆਂ ਨੂੰ ਲੈ ਕੇ ਜਾ ਰਹੇ ਵਾਹਨਾਂ 'ਤੇ ਹਮਲਾ ਕੀਤਾ ਸੀ।
ਇਨ੍ਹਾਂ ਹਮਲਿਆਂ ਨੂੰ ਪਿਛਲੇ ਕਈ ਸਾਲਾਂ ਵਿਚ ਸਭ ਤੋਂ ਗੰਭੀਰ ਹਮਲੇ ਮੰਨਿਆ ਜਾ ਰਿਹਾ ਹੈ। ਏਪੀ ਨਿਊਜ਼ ਏਜੰਸੀ ਮੁਤਾਬਿਕ ਯਾਤਰੀ ਪਾਰਾਚਿਨਾਰ ਤੋਂ ਪੇਸ਼ਾਵਰ ਜਾ ਰਹੇ ਸਨ। ਜਿਸ ਇਲਾਕਾ 'ਚ ਹਮਲਾ ਹੋਇਆ ਹੈ, ਉਹ ਕੁਰੱਮ ਜ਼ਿਲ੍ਹੇ 'ਚ ਪੈਂਦਾ ਹੈ।
ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਜਾਵੇਦ ਉੱਲਾ ਮਹਿਸੂਦ ਨੇ ਏਐਫਪੀ ਨਿਊਜ਼ ਏਜੰਸੀ ਨੂੰ ਦੱਸਿਆ, "ਕੁਰਮ ਜ਼ਿਲ੍ਹੇ ਵਿੱਚ ਸ਼ੀਆ ਲੋਕਾਂ ਦੇ ਦੋ ਵੱਖ-ਵੱਖ ਕਾਫਲਿਆਂ ਨੂੰ ਅੱਤਵਾਦੀਆਂ ਨੇ ਨਿਸ਼ਾਨਾ ਬਣਾਇਆ।" ਉਨ੍ਹਾਂ ਨੇ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਗੱਲ ਕਹੀ ਹੈ।
ਪੁਲਿਸ ਨੇ ਇਹ ਵੀ ਕਿਹਾ ਕਿ ਪੀੜਤਾਂ ਵਿੱਚ ਔਰਤਾਂ, ਕਈ ਬੱਚੇ ਅਤੇ ਪੁਲਿਸ ਅਧਿਕਾਰੀ ਸ਼ਾਮਿਲ ਹਨ। ਉਸ ਅਨੁਸਾਰ ਇਨ੍ਹਾਂ ਹਮਲਿਆਂ ਵਿੱਚ ਘੱਟੋ-ਘੱਟ 10 ਹਮਲਾਵਰ ਸ਼ਾਮਿਲ ਸਨ ਅਤੇ ਉਨ੍ਹਾਂ ਨੇ ਸੜਕ ਦੇ ਦੋਵੇਂ ਪਾਸਿਆਂ ਤੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ।
ਏਐਫਪੀ ਦੇ ਅਨੁਸਾਰ, "ਦੋਵੇਂ ਕਾਫਲਿਆਂ ਵਿੱਚ ਪੁਲਿਸ ਸੁਰੱਖਿਆ ਹੇਠ ਸਫ਼ਰ ਕਰ ਰਹੇ ਲਗਭਗ 40 ਵਾਹਨ ਸ਼ਾਮਿਲ ਸਨ।" ਇਨ੍ਹਾਂ ਇਲਾਕਿਆਂ ਵਿੱਚ ਪਿਛਲੇ ਕਈ ਸਾਲਾਂ ਤੋਂ ਵੱਖ-ਵੱਖ ਕਬੀਲਿਆਂ ਅਤੇ ਸਮੂਹਾਂ ਦਰਮਿਆਨ ਟਕਰਾਅ ਚੱਲ ਰਿਹਾ ਹੈ। ਇਸ ਤਰ੍ਹਾਂ ਦੇ ਹਮਲੇ ਪਹਿਲਾਂ ਵੀ ਹੋਏ ਹਨ ਅਤੇ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ। ਰਿਪੋਰਟ ਮੁਤਾਬਿਕ ਇਨ੍ਹਾਂ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਨੂੰ ਅਫਗਾਨਿਸਤਾਨ ਦੀ ਸਰਹੱਦ ਰਾਹੀਂ ਆਉਣਾ-ਜਾਣਾ ਪੈਂਦਾ ਹੈ, ਇਸ ਲਈ ਜਦੋਂ ਵੀ ਇੱਥੇ ਤਣਾਅ ਵਧਦਾ ਹੈ ਤਾਂ ਸਰਹੱਦ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਇਸ ਕਾਰਨ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।