ਫਰਿਜ਼ਨੋ ਕਾਉਂਟੀ ਸੁਪੀਰੀਅਰ ਕੋਰਟ 'ਚ ਲੱਗੇ 'ਬੋਲੇ ਸੋ ਨਿਹਾਲ ਦੇ ਜੈਕਾਰੇ' (ANI) ਫਰਿਜ਼ਨੋ ਕਾਉਂਟੀ: 'ਕਹਿੰਦੇ ਨੇ ਜਿੱਥੇ ਚਾਹ ਉਥੇ ਰਾਹ' 'ਤੇ ਇਹਨਾਂ ਰਾਹਾਂ ਉੱਤੇ ਕਾਮਯਾਬੀ ਹਾਸਿਲ ਕਰਦਿਆਂ ਪੰਜਾਬ ਅਤੇ ਪੰਜਾਬੀਆਂ ਦਾ ਮਾਣ ਇੱਕ ਵਾਰ ਫਿਰ ਵਧਿਆ ਹੈ। ਦਰਅਸਲ ਫਰਿਜ਼ਨੋ ਕਾਉਂਟੀ ਸੁਪੀਰੀਅਰ ਕੋਰਟ ਵਿੱਚ ਪੰਜਾਬੀ ਮੂਲ ਦੇ ਰਾਜ ਬਧੇਸ਼ਾ ਪਹਿਲੇ ਸਿੱਖ ਜੱਜ ਬਣੇ ਹਨ। ਉਹਨਾਂ ਦੇ ਜੱਜ ਬਣਨ ਦੇ ਐਲਾਨ ਤੋਂ ਬਾਅਦ ਪਹਿਲੀ ਵਾਰ ਰਸਮੀ ਤੌਰ ਕੋਰਟ ਵਿੱਚ ਅਹੁਦਾ ਸੰਭਾਲਿਆ। ਇਸ ਮੌਕੇ 'ਜੋ ਬੋਲੇ ਸੋ ਨਿਹਾਲ' ਦੇ ਜੈਕਾਰੇ ਵੀ ਗੂੰਜ ਉੱਠੇ। ਨਵੇਂ ਫਰਿਜ਼ਨੋ ਕਾਉਂਟੀ ਸੁਪੀਰੀਅਰ ਕੋਰਟ ਦੇ ਜੱਜ ਵੱਜੋਂ ਰਾਜ ਪਹਿਲੇ ਪਗੜੀਧਾਰੀ ਜੱਜ ਬਣੇ ਹਨ।
ਪਹਿਲੇ ਸਿੱਖ ਜੱਜ: ਦੱਸਣਯੋਗ ਹੈ ਕਿ ਰਾਜ ਸਿੰਘ ਬਧੇਸ਼ਾ ਵੀਰਵਾਰ ਸ਼ਾਮ ਨੂੰ ਫਰਿਜ਼ਨੋ ਕਾਉਂਟੀ ਦੇ ਪਹਿਲੇ ਸਿੱਖ ਜੱਜ ਬਣੇ, ਫਰਿਜ਼ਨੋ ਸਿਟੀ ਹਾਲ ਵਿਖੇ ਸੈਂਕੜੇ ਕਮਿਊਨਿਟੀ ਮੈਂਬਰਾਂ ਅਤੇ ਅਧਿਕਾਰੀਆਂ ਦੇ ਸਾਹਮਣੇ ਆਪਣਾ ਕਾਲਾ ਕੋਟ ਹਾਸਿਲ ਕੀਤਾ। ਜ਼ਿਕਰਯੋਗ ਹੈ ਕਿ ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਜ਼ਮ ਨੇ 3 ਮਈ ਨੂੰ ਬਧੇਸ਼ਾ ਦੀ ਨਿਯੁਕਤੀ ਦਾ ਐਲਾਨ ਕੀਤਾ ਸੀ।
ਕੜੀ ਮਿਹਨਤ ਤੋਂ ਬਾਅਦ ਮਿਲੀ ਸਫਲਤਾ :ਸਿਟੀ ਅਟਾਰਨੀ ਦੇ ਦਫਤਰ ਨੇ ਇੱਕ ਬਿਆਨ ਜਾਰੀ ਕੀਤਾ, ਜਿਸ ਵਿੱਚ ਕਿਹਾ ਗਿਆ ਹੈ ਕਿ ਬਧੇਸ਼ਾ 2022 ਤੋਂ ਫਰਿਜ਼ਨੋ ਸ਼ਹਿਰ ਦੇ ਅਟਾਰਨੀ ਦਫਤਰ ਵਿੱਚ ਮੁੱਖ ਸਹਾਇਕ ਹਨ। ਬਧੇਸ਼ਾ ਨੇ 2012 ਤੋਂ CAO ਵਿੱਚ ਕਈ ਹੋਰ ਅਹੁਦਿਆਂ 'ਤੇ ਕੰਮ ਕੀਤਾ ਹੈ। ਉਹਨਾਂ ਨੇ 2008 ਤੋਂ 2012 ਤੱਕ ਬੇਕਰ ਮੈਨੋਕ ਐਂਡ ਜੇਨਸਨ ਵਿੱਚ ਇੱਕ ਸਹਿਯੋਗੀ ਵਜੋਂ ਕੰਮ ਕੀਤਾ। ਬਧੇਸ਼ਾ ਨੇ ਸੈਨ ਫਰਾਂਸਿਸਕੋ (ਪਹਿਲਾਂ UC ਹੇਸਟਿੰਗਜ਼) ਵਿੱਚ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਕਾਲਜ ਆਫ਼ ਲਾਅ ਤੋਂ ਆਪਣੀ ਜੂਰੀ ਡਾਕਟਰੇਟ ਪ੍ਰਾਪਤ ਕੀਤੀ। ਉਹ ਜੱਜ ਜੋਨ ਐਨ ਕਪੇਟਨ ਦੀ ਸੇਵਾਮੁਕਤੀ ਤੋਂ ਬਾਅਦ ਇਸ ਅਹੁਦੇ 'ਤੇ ਲਾਏ ਗਏ ਹਨ। ਬਧੇਸ਼ਾ ਰਾਜ ਦੇ ਪਹਿਲੇ ਸਿੱਖ ਜੱਜ ਨਿਯੁਕਤ ਕੀਤੇ ਗਏ ਹਨ ਜੋ ਦਸਤਾਰ ਜਾਂ ਪਗੜੀਧਾਰੀ ਹੋਣਗੇ।
ਪਹਿਲਾਂ ਫਰਿਜ਼ਨੋ 'ਚ ਮੁੱਖ ਸਹਾਇਕ ਸਿਟੀ ਅਟਾਰਨੀ ਵਜੋਂ ਸੇਵਾ ਨਿਭਾ ਰਹੇ ਸਨ ਰਾਜ ਸਿੰਘ ਬਧੇਸ਼ਾ:ਸਿਟੀ ਆਫ ਫਰਿਜ਼ਨੋ, ਕੈਲੀਫੋਰਨੀਆ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਲਿਖਿਆ- "ਫ੍ਰੇਜ਼ਨੋ ਦੇ ਸਾਬਕਾ ਸਹਾਇਕ ਸਿਟੀ ਅਟਾਰਨੀ ਰਾਜ ਸਿੰਘ ਬਧੇਸ਼ਾ ਨੂੰ ਰਸਮੀ ਤੌਰ 'ਤੇ ਨਵੇਂ ਫਰਿਜ਼ਨੋ ਕਾਉਂਟੀ ਸੁਪੀਰੀਅਰ ਜੱਜ ਬਣਨ 'ਤੇ ਵਧਾਈ! ਰਾਜ ਚਾਰ ਦਹਾਕਿਆਂ ਤੋਂ ਵੱਧ ਸਮੇਂ ਵਿੱਚ ਪਹਿਲੇ ਵਿਅਕਤੀ ਹਨ। ਸਿਟੀ ਹਾਲ ਤੋਂ ਸਿੱਧਾ ਫਰਿਜ਼ਨੋ ਕਾਉਂਟੀ ਸੁਪੀਰੀਅਰ ਕੋਰਟ ਜਾਓ।"
ਸੁਖਬੀਰ ਬਾਦਲ ਨੇ ਦਿੱਤੀ ਵਧਾਈ :ਬਧੇਸ਼ਾ ਦੇ ਜੱਜ ਬੰਦੇ ਹੀ ਪੰਜਾਬ ਅਤੇ ਦੇਸ਼ ਵਿਦੇਸ਼ ਵਿੱਚ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਸੋਸ਼ਲ ਮੀਡੀਆ ਉੱਤੇ ਲੋਕ ਵਧਾਈਆਂ ਦੇ ਰਹੇ ਹਨ ਪੰਜਾਬ ਵਿੱਚ ਅਤੇ ਬਾਹਰ ਰਹਿੰਦੇ ਸਿੱਖ ਭਾਈਚਾਰੇ ਦੇ ਲੋਕ ਵੀ ਵਧਾਈਆਂ ਦੇ ਰਹੇ ਹਨ ਕਿ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ। ਉਥੇ ਹੀ ਪੰਜਾਬ ਦੀ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਬਧੇਸ਼ਾ ਨੂੰ ਵਧਾਈ ਦਿੱਤੀ ਅਤੇ ਲਿਖਿਆ ਕਿ "ਫਰਿਜ਼ਨੋ ਕਾਉਂਟੀ ਸੁਪੀਰੀਅਰ ਕੋਰਟ ‘ਚ ਰਾਜ ਸਿੰਘ ਬਧੇਸ਼ਾ ਨੂੰ ਪਹਿਲੇ ਸਿੱਖ ਜੱਜ ਵਜੋਂ ਅਹੁਦਾ ਸੰਭਾਲਣ 'ਤੇ ਬਹੁਤ ਬਹੁਤ ਵਧਾਈਆਂ। ਇਹ ਸੱਚਮੁੱਚ ਹੀ ਸਮੁੱਚੀ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ। ਮੈਂ ਸਰਦਾਰ ਬਦੇਸ਼ਾ ਨੂੰ ਉਨ੍ਹਾਂ ਦੀ ਨਵੀਂ ਜ਼ਿੰਮੇਵਾਰੀ ਲਈ ਸ਼ੁੱਭਕਾਮਨਾਵਾਂ ਦਿੰਦਾ ਹਾਂ।"