ਕੁਵੈਤ ਸਿਟੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਵੈਤ ਦੇ ਦੌਰੇ 'ਤੇ ਹਨ। 43 ਸਾਲਾਂ ਬਾਅਦ ਕੋਈ ਭਾਰਤੀ ਪ੍ਰਧਾਨ ਮੰਤਰੀ ਕੁਵੈਤ ਪਹੁੰਚਿਆ ਹੈ। ਉੱਥੇ ਪੀਐਮ ਮੋਦੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਕੁਵੈਤ ਸਿਟੀ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਵੀ ਪੀਐਮ ਮੋਦੀ ਦਾ ਸ਼ਾਨਦਾਰ ਸਵਾਗਤ ਕੀਤਾ।
ਪ੍ਰਧਾਨ ਮੰਤਰੀ ਮੋਦੀ ਨੇ ਇੱਥੇ ਜਿਨ੍ਹਾਂ ਲੋਕਾਂ ਨਾਲ ਮੁਲਾਕਾਤ ਕੀਤੀ, ਉਨ੍ਹਾਂ ਵਿੱਚੋਂ ਇੱਕ ਮੰਗਲ ਸੇਨ ਹਾਂਡਾ ਵੀ ਸ਼ਾਮਲ ਹੈ। ਹਾਂਡਾ ਦੀ ਉਮਰ 101 ਸਾਲ ਹੈ। ਉਹ ਭਾਰਤੀ ਵਿਦੇਸ਼ ਸੇਵਾ ਦੇ ਅਧਿਕਾਰੀ ਰਹੇ ਹਨ, ਹਾਲਾਂਕਿ, ਉਹ ਹੁਣ ਕੁਵੈਤ ਵਿੱਚ ਰਹਿ ਰਹੇ ਹਨ। ਉਹ ਕਰੀਬ 40 ਸਾਲ ਪਹਿਲਾਂ ਸੇਵਾਮੁਕਤ ਹੋਏ ਸਨ। ਵਿਦੇਸ਼ ਸੇਵਾ ਵਿੱਚ ਰਹਿਣ ਵਾਲੇ ਹਾਂਡਾ ਨੇ ਯੂਕੇ, ਚੀਨ, ਇਰਾਕ, ਅਰਜਨਟੀਨਾ, ਕੰਬੋਡੀਆ ਅਤੇ ਕੁਵੈਤ ਵਿੱਚ ਸੇਵਾਵਾਂ ਦਿੱਤੀਆਂ ਹਨ।
ਜਿਵੇਂ ਹੀ ਪੀਐਮ ਮੋਦੀ ਨੇ ਹਾਂਡਾ ਨੂੰ ਦੇਖਿਆ, ਉਹ ਉੱਥੇ ਰੁਕ ਗਏ, ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਸਵੀਕਾਰ ਕੀਤੀਆਂ ਅਤੇ ਆਪਣੇ ਪਰਿਵਾਰ ਨਾਲ ਤਸਵੀਰ ਵੀ ਖਿਚਵਾਈ। ਹਾਂਡਾ ਦੇ ਪਰਿਵਾਰਕ ਮੈਂਬਰਾਂ ਨੇ ਪੀਐਮ ਮੋਦੀ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਨੂੰ ਮਿਲਣ। ਹਾਂਡਾ ਦੀ ਪੋਤੀ ਸ਼੍ਰੇਆ ਜੁਨੇਜਾ ਨੇ ਪੀਐਮ ਮੋਦੀ ਨੂੰ ਅਪੀਲ ਕੀਤੀ ਸੀ।
ਤੁਹਾਨੂੰ ਦੱਸ ਦਈਏ ਕਿ ਪੀਐਮ ਮੋਦੀ ਹਾਂਡਾ ਨੂੰ ਮਿਲਣ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ ਐਕਸ 'ਤੇ ਇੱਕ ਮੈਸੇਜ ਲਿਖਿਆ ਸੀ। ਇਸ ਵਿੱਚ ਪੀਐਮ ਮੋਦੀ ਨੇ ਲਿਖਿਆ ਸੀ ਕਿ ਉਹ ਹਾਂਡਾ ਨੂੰ ਮਿਲਣ ਲਈ ਬੇਤਾਬ ਹਨ ਅਤੇ ਉਨ੍ਹਾਂ ਨੂੰ ਜ਼ਰੂਰ ਮਿਲਣਗੇ। ਹਾਲਾਂਕਿ ਮੀਡੀਆ ਨਾਲ ਗੱਲ ਕਰਦੇ ਹੋਏ ਸ਼੍ਰੇਆ ਨੇ ਕਿਹਾ ਸੀ ਕਿ ਸਾਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਉਹ ਪੀਐੱਮ ਮੋਦੀ ਨੂੰ ਮਿਲ ਸਕਣਗੇ ਜਾਂ ਨਹੀਂ, ਪਰ ਹੁਣ ਜਦੋਂ ਇਹ ਮੁਲਾਕਾਤ ਹੋਈ ਹੈ ਤਾਂ ਮੈਂ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ ਅਤੇ ਅਸੀਂ ਬਹੁਤ ਖੁਸ਼ ਹਾਂ।