ਇਸਲਾਮਾਬਾਦ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਇੱਕ ਹਿੰਸਕ ਘਟਨਾ ਦੌਰਾਨ ਐਤਵਾਰ ਨੂੰ ਨੌਸ਼ਹਿਰਾ ਕਸਬੇ ਵਿੱਚ ਇੱਕ ਸਥਾਨਕ ਪੱਤਰਕਾਰ ਦੀ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਖੈਬਰ ਪਖਤੂਨਖਵਾ ਪੁਲਿਸ ਨੇ ਪੱਤਰਕਾਰ ਦੇ ਕਤਲ ਦੀ ਪੁਸ਼ਟੀ ਕੀਤੀ ਹੈ। ਮ੍ਰਿਤਕ ਪਤੱਰਕਾਰ ਦੀ ਪਛਾਣ ਹਸਨ ਜ਼ੈਬ ਵੱਜੋਂ ਹੋਈ ਹੈ ਜੋ ਕਿ ਇੱਕ ਸਥਾਨਕ ਅਖਬਾਰ ਲਈ ਕੰਮ ਕਰਦਾ ਸੀ।
ਮੁੱਖ ਮੰਤਰੀ ਨੇ ਮੰਗੀ ਪੂਰੀ ਰਿਪੋਰਟ: ਜਾਣਕਾਰੀ ਮੁਤਾਬਿਕ ਨੌਸ਼ਹਿਰਾ ਦੇ ਪਿੰਡ ਅਕਬਰਪੁਰਾ ਦੇ ਭੀੜ-ਭੜੱਕੇ ਵਾਲੇ ਬਾਜ਼ਾਰ ਇਲਾਕੇ 'ਚ ਅਣਪਛਾਤੇ ਬਾਈਕ ਸਵਾਰ ਹਮਲਾਵਰਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਅਲੀ ਅਮੀਨ ਗੰਡਾਪੁਰ ਨੇ ਘਟਨਾ ਬਾਰੇ ਸੀਨੀਅਰ ਪੁਲਿਸ ਅਧਿਕਾਰੀਆਂ ਤੋਂ ਵਿਸਤ੍ਰਿਤ ਰਿਪੋਰਟ ਮੰਗੀ ਹੈ। ਏਆਰਵਾਈ ਨਿਊਜ਼ ਮੁਤਾਬਕ ਸੀਐਮ ਗੰਡਾਪੁਰ ਨੇ ਕਿਹਾ ਕਿ ਕਤਲ ਵਿੱਚ ਸ਼ਾਮਲ ਲੋਕ ਇਨਸਾਫ਼ ਤੋਂ ਨਹੀਂ ਬਚਣਗੇ। ਪੁਲਿਸ ਨੇ ਭਰੋਸਾ ਦਿਵਾਇਆ ਕਿ ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
ਪਹਿਲਾਂ ਵੀ ਜਾਨ ਗੁਆ ਚੁਕੇ ਪੱਤਰਕਾਰ: ਦੱਸਣਯੋਗ ਹੈ ਕਿ ਪੱਤਰਕਾਰਾਂ ਦੀ ਹੱਤਿਆ ਨਾਲ ਸਬੰਧਤ ਅਜਿਹੀਆਂ ਘਟਨਾਵਾਂ ਪਾਕਿਸਤਾਨ ਵਿੱਚ ਕੋਈ ਬਹੁਤੀ ਅਸਾਧਾਰਨ ਗੱਲ ਨਹੀਂ ਹੈ। ਇਸੇ ਸਾਲ ਮਈ ਵਿੱਚ ਵਾਪਰੀ ਇੱਕ ਅਜਿਹੀ ਹੀ ਘਟਨਾ ਵਿੱਚ ਨਸਰੂੱਲਾ ਗਦਾਨੀ ਨਾਮ ਦਾ ਇੱਕ ਸਥਾਨਕ ਪੱਤਰਕਾਰ ਗੋਲੀਬਾਰੀ ਵਿੱਚ ਗੰਭੀਰ ਜ਼ਖ਼ਮੀ ਹੋ ਗਿਆ ਸੀ। ਬਾਅਦ ਵਿੱਚ ਕਰਾਚੀ ਦੇ ਇੱਕ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ। ਏਆਰਵਾਈ ਨਿਊਜ਼ ਦੇ ਅਨੁਸਾਰ, ਗਡਾਨੀ ਨੂੰ ਘੋਟਕੀ ਜ਼ਿਲ੍ਹੇ ਦੇ ਮੀਰਪੁਰ ਮਥੇਲੋ ਨੇੜੇ ਅਣਪਛਾਤੇ ਹਮਲਾਵਰਾਂ ਦੁਆਰਾ ਕੀਤੇ ਗਏ ਹਮਲੇ ਵਿੱਚ ਗੰਭੀਰ ਰੂਪ ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਨਸਰੁੱਲਾ ਗਦਾਨੀ ਨੂੰ ਉਸ ਦੇ ਘਰ ਤੋਂ ਮੀਰਪੁਰ ਮਥੇਲੋ ਪ੍ਰੈੱਸ ਕਲੱਬ ਵੱਲ ਜਾਂਦੇ ਸਮੇਂ ਗੋਲੀ ਮਾਰ ਦਿੱਤੀ ਗਈ।
ਦੀਨ ਸ਼ਾਹ ਨੇੜੇ ਜਰਵਾਰ ਰੋਡ 'ਤੇ ਕਾਰ ਸਵਾਰ ਹਥਿਆਰਬੰਦ ਵਿਅਕਤੀਆਂ ਨੇ ਪੱਤਰਕਾਰ 'ਤੇ ਗੋਲੀਆਂ ਚਲਾਈਆਂ ਅਤੇ ਫਿਰ ਮੌਕੇ ਤੋਂ ਫਰਾਰ ਹੋ ਗਏ। ਸਥਾਨਕ ਪੱਤਰਕਾਰਾਂ ਮੁਤਾਬਕ ਗਦਾਨੀ ਇਕ ਸਿੰਧੀ ਅਖਬਾਰ ਲਈ ਕੰਮ ਕਰਦਾ ਸੀ। ਇਸ ਤੋਂ ਇਲਾਵਾ ਉਹ ਸੋਸ਼ਲ ਮੀਡੀਆ 'ਤੇ ਆਪਣੀਆਂ ਖਬਰਾਂ ਸ਼ੇਅਰ ਕਰਦੇ ਰਹਿੰਦੇ ਸਨ। ਉਹ ਸਥਾਨਕ ਜਾਗੀਰਦਾਰਾਂ, ਰਾਜਨੀਤਿਕ ਹਸਤੀਆਂ, ਵਡੇਰਿਆਂ ਅਤੇ ਸਰਕਾਰੀ ਅਧਿਕਾਰੀਆਂ ਬਾਰੇ ਰਿਪੋਰਟਿੰਗ ਕਰਨ ਵਾਲੇ ਇੱਕ ਦਲੇਰ ਪੱਤਰਕਾਰ ਵਜੋਂ ਮਸ਼ਹੂਰ ਸੀ।