ਫ਼ਰੀਦਕੋਟ: ਜ਼ਿਲ੍ਹੇ ਵਿੱਚ ਬੰਬੀਹਾ ਗੈਂਗ ਦੇ ਗੈਂਗਸਟਰਾਂ ਅਤੇ ਫ਼ਰੀਦਕੋਟ ਪੁਲਿਸ ਵਿਚਾਲੇ ਮੁਠਭੇੜ ਹੋਈ। ਪੁਲਿਸ ਨੇ ਬੰਬੀਹਾ ਗੈਗ ਦੇ ਏ ਕੈਟਾਗਿਰੀ ਗੈਗਸਟਰ ਹਰਸਿਮਰਨਜੀਤ ਉਰਫ ਸਿੰਮਾ ਬਹਿਬਲ ਦੇ 2 ਸਾਥੀਆਂ ਨੂੰ ਫਰੀਦਕੋਟ ਦੇ ਬੀੜ ਸਿੱਖਾ ਵਾਲਾ ਨਜਦੀਕ ਮੁਠਭੇੜ ਤੋ ਬਾਅਦ ਕਾਬੂ ਕੀਤਾ। ਮੁਠਭੇੜ ਦੌਰਾਨ ਦੋਵੇਂ ਮੁਲਜ਼ਮ ਗੋਲੀ ਲੱਗਣ ਕਾਰਨ ਜਖ਼ਮੀ ਹੋਏ। ਇਸ ਐਨਕਾਉਂਟਰ ਬਾਰੇ ਐਸ.ਐਸ.ਪੀ ਫ਼ਰੀਦਕੋਟ ਡਾ. ਪ੍ਰਗਿਆ ਜੈਨ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ।
ਦੋਹਾਂ ਪਾਸਿਓ ਹੋਈ ਫਾਇਰਿੰਗ, ਦੋਵੇਂ ਮੁਲਜ਼ਮ ਜਖ਼ਮੀ
ਜਾਣਕਾਰੀ ਦਿੰਦਿਆਂ ਐਸ.ਐਸ.ਪੀ ਫ਼ਰੀਦਕੋਟ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਫ਼ਰੀਦਕੋਟ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗੈਂਗਸਟਰ ਹਰਸਿਮਰਨਜੀਤ ਉਰਫ ਸਿੰਮਾ ਦੇ ਸਾਥੀ ਫ਼ਰੀਦਕੋਟ ਦੇ ਇਲਾਕੇ ਵਿੱਚ ਘੁੰਮ ਰਹੇ ਹਨ ਜਿਸ ਉਈਤੇ ਸੀ.ਆਈ.ਏ ਜੈਤੋ ਅਤੇ ਥਾਣਾ ਜੈਤੋ ਦੀਆਂ ਟੀਮਾਂ ਵੱਲੋਂ ਬੀੜ ਸਿੱਖਾ ਵਾਲਾ ਨਜਦੀਕ ਨਾਕਾ ਲਗਾਇਆ ਹੋਇਆ ਸੀ। ਉਸ ਸਮੇ ਇਹ ਮੁਲਜ਼ਮ ਫੋਰਚਿਊਨਰ ਗੱਡੀ ਉੱਪਰ ਆਉਦੇ ਦਿਖਾਈ ਦਿੱਤੇ, ਜਿਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ, ਤਾਂ ਉਨ੍ਹਾਂ (ਮੁਲਜ਼ਮਾਂ) ਨੇ ਪੁਲਿਸ ਟੀਮ ਉੱਤੇ ਹਮਲਾ ਕਰ ਦਿੱਤਾ, ਜਿਸ ਵਿੱਚ ਸਰਕਾਰੀ ਗੱਡੀ ਉੱਪਰ ਵੀ 03 ਫਾਇਰ ਲੱਗੇ ਅਤੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਜਿਸ ਦੇ ਜਵਾਬ ਵਿੱਚ ਪੁਲਿਸ ਨੇ ਆਤਮਰੱਖਿਆ ਵਿੱਚ ਕਾਰਵਾਈ ਕਰਦਿਆ ਜਵਾਬੀ ਫਾਇਰਿੰਗ ਕੀਤੀ। ਫਾਇਰਿੰਗ ਦੌਰਾਨ ਇਹ 02 ਮੁਲਜ਼ਮ ਜਖਮੀ ਹੋ ਗਏ।
ਗੈਂਗਸਟਰ ਸਿੰਮਾ ਉੱਤੇ ਕਤਲ, ਖੋਹ ਸਣੇ 26 ਮਾਮਲੇ ਦਰਜ
ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਗੈਂਗਸਟਰ ਹਰਸਿਮਰਨਜੀਤ ਉਰਫ ਸਿੰਮਾ ਜਿਸ ਉੱਪਰ ਕਤਲ, ਨਸ਼ੇ, ਚੋਰੀ, ਖੋਹ ਅਤੇ ਅਸਲੇ ਐਕਟ ਤਹਿਤ ਕਰੀਬ 26 ਮੁਕੱਦਮੇ ਦਰਜ ਹਨ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਸੁਖਜੀਤ ਸਿੰਘ ਉਰਫ ਸੁੱਖ ਰੋਮਾਣਾ ਉਰਫ ਕਾਲਾ, ਪੁੱਤਰ ਬਲਜੀਤ ਸਿੰਘ ਵਾਸੀ ਰੋਮਾਣਾ ਅਲਬੇਲ ਸਿੰਘ ਵਜੋਂ ਹੋਈ ਹੈ। ਦੂਜਾ ਮੁਲਜ਼ਮ ਹਰਮਨਦੀਪ ਸਿੰਘ ਉਰਫ ਰੂਸ਼ਾ, ਪੁੱਤਰ ਜੋਰਾ ਸਿੰਘ ਵਾਸੀ ਬਹਿਬਲ ਕਲਾਂ ਵਜੋ ਹੋਈ ਹੈ। ਪੁਲਿਸ ਟੀਮਾਂ ਨੇ ਇਨ੍ਹਾਂ ਤੋ ਇੱਕ ਪਿਸਟਲ .315 ਬੋਰ ਅਤੇ ਇੱਕ ਪਿਸਟਲ .32 ਬੋਰ ਅਤੇ 06 ਕਾਰਤੂਸ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ, ਇਨ੍ਹਾਂ ਦੀ ਫੋਰਚਿਊਨਰ ਗੱਡੀ ਵੀ ਜ਼ਬਤ ਕੀਤੀ ਗਈ ਹੈ, ਜਿਸ ਉੱਤੇ ਉਹ ਸਵਾਰ ਹੋ ਕੇ ਆ ਰਹੇ ਸਨ।