ਅਮਰੀਕਾ:ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰੈਲੀ 'ਤੇ ਗੋਲੀਆਂ ਚਲਾਈਆਂ ਗਈਆਂ ਹਨ। ਇਸ ਦੌਰਾਨ ਟਰੰਪ ਜ਼ਖਮੀ ਹਨ। ਉਹ ਪੈਨਸਿਲਵੇਨੀਆ ਵਿੱਚ ਇੱਕ ਰੈਲੀ ਕਰ ਰਹੇ ਸਨ, ਜਦੋਂ ਇੱਕ ਤੋਂ ਬਾਅਦ ਇੱਕ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ। ਵੀਡੀਓ 'ਚ ਟਰੰਪ ਦੇ ਕੰਨਾਂ 'ਤੇ ਖੂਨ ਦਿਖਾਈ ਦੇ ਰਿਹਾ ਹੈ ਅਤੇ ਸਟੇਜ ਦੇ ਨੇੜੇ ਛੱਤ 'ਤੇ ਸਨਾਈਪਰ ਖੜ੍ਹੇ ਦਿਖਾਈ ਦੇ ਰਹੇ ਹਨ, ਜਿੱਥੇ ਟਰੰਪ ਖੜ੍ਹੇ ਸਨ। ਇਸ ਰੈਲੀ ਦੌਰਾਨ ਵਾਪਰੀ ਘਟਨਾ ਦੀ ਸਾਹਮਣੇ ਆਈ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਗੋਲੀਆਂ ਚੱਲਣ ਤੋਂ ਬਾਅਦ ਡੋਨਾਲਡ ਟਰੰਪ ਪੋਡੀਅਮ 'ਤੇ ਝੁਕ ਜਾਂਦੇ ਹਨ। ਇਸ ਤੋਂ ਬਾਅਦ ਸੀਕ੍ਰੇਟ ਸਰਵਿਸ (ਉਨ੍ਹਾਂ ਦੇ ਸੁਰੱਖਿਆ ਗਾਰਡਾਂ) ਨੇ ਉਨ੍ਹਾਂ ਨੂੰ ਘੇਰ ਲਿਆ। ਇਸ ਦੌਰਾਨ ਟਰੰਪ ਨੂੰ ਭੀੜ ਵੱਲ ਹੱਥ ਵਧਾ ਕੇ ਉਨ੍ਹਾਂ ਨੂੰ ਸੰਬੋਧਨ ਕਰਦੇ ਦੇਖਿਆ ਜਾ ਸਕਦਾ ਹੈ।
ਟਰੰਪ ਨਹੀਂ ਹਨ ਗੰਭੀਰ ਜ਼ਖ਼ਮੀ: ਸੀਕਰੇਟ ਸਰਵਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਟਰੰਪ ਸੁਰੱਖਿਅਤ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਉਪਾਅ ਲਾਗੂ ਕੀਤੇ ਗਏ ਹਨ। ਟਰੰਪ ਦੇ ਸਟੇਜ ਤੋਂ ਹੇਠਾਂ ਆਉਣ ਤੋਂ ਤੁਰੰਤ ਬਾਅਦ ਪੁਲਿਸ ਨੇ ਰੈਲੀ ਮੈਦਾਨ ਨੂੰ ਖਾਲੀ ਕਰਵਾ ਲਿਆ। ਸੀਕਰੇਟ ਸਰਵਿਸ ਇਸ ਗੋਲੀਬਾਰੀ ਦੀ ਹੱਤਿਆ ਦੀ ਕੋਸ਼ਿਸ਼ ਵਜੋਂ ਜਾਂਚ ਕਰ ਰਹੀ ਹੈ। ਇਸ ਦੌਰਾਨ ਐਫਬੀਆਈ ਦੀ ਟੀਮ ਵੀ ਮੌਕੇ ’ਤੇ ਪਹੁੰਚ ਗਈ ਹੈ। ਏਜੰਸੀ ਨੇ ਕਿਹਾ ਕਿ ਟੀਮ ਮਾਮਲੇ ਦੀ ਜਾਂਚ 'ਚ ਸੀਕ੍ਰੇਟ ਸਰਵਿਸ ਨਾਲ ਮਿਲ ਕੇ ਕੰਮ ਕਰੇਗੀ।
ਮੌਕੇ 'ਤੇ ਢੇਰ ਕੀਤਾ ਹਮਲਾਵਰ: ਇਹ ਰੈਲੀ ਪੈਨਸਿਲਵੇਨੀਆ ਦੇ ਗ੍ਰੇਟਰ ਪਿਟਸਬਰਗ ਇਲਾਕੇ ਦੀ ਬਟਲਰ ਕਾਊਂਟੀ 'ਚ ਆਯੋਜਿਤ ਕੀਤੀ ਜਾ ਰਹੀ ਸੀ। ਬਟਲਰ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਰਿਚਰਡ ਗੋਲਡਿੰਗਰ ਨੇ ਕਿਹਾ ਕਿ ਸ਼ੱਕੀ ਬੰਦੂਕਧਾਰੀ ਨੂੰ ਗੋਲੀ ਮਾਰ ਦਿੱਤੀ ਗਈ ਸੀ ਅਤੇ ਰੈਲੀ ਵਿੱਚ ਸ਼ਾਮਲ ਹੋਣ ਵਾਲੇ ਘੱਟੋ-ਘੱਟ ਇੱਕ ਵਿਅਕਤੀ ਦੀ ਵੀ ਮੌਤ ਹੋ ਗਈ ਸੀ। ਇਕ ਹੋਰ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਹਾਲਾਂਕਿ ਖਬਰ ਲਿਖੇ ਜਾਣ ਤੱਕ ਗੋਲੀ ਚਲਾਉਣ ਵਾਲੇ ਦੀ ਪਛਾਣ ਨਹੀਂ ਹੋ ਸਕੀ ਹੈ।
ਬਾਈਡੇਨ ਨੇ ਪ੍ਰਗਟਾਈ ਚਿੰਤਾ: ਇਸ ਦੌਰਾਨ ਰਾਸ਼ਟਰਪਤੀ ਜੋ ਬਾਈਡੇਨ ਡੇਲਾਵੇਅਰ ਵਿੱਚ ਸਨ, ਜਿੱਥੇ ਉਨ੍ਹਾਂ ਨੇ ਚਰਚ ਛੱਡਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, "ਮੈਨੂੰ ਪੈਨਸਿਲਵੇਨੀਆ ਵਿੱਚ ਡੋਨਾਲਡ ਟਰੰਪ ਦੀ ਰੈਲੀ ਵਿੱਚ ਗੋਲੀਬਾਰੀ ਬਾਰੇ ਪਤਾ ਲੱਗਾ ਹੈ। ਮੈਨੂੰ ਇਹ ਸੁਣ ਕੇ ਖੁਸ਼ੀ ਹੋਈ ਹੈ ਕਿ ਉਹ ਸੁਰੱਖਿਅਤ ਹਨ ਅਤੇ ਉਨ੍ਹਾਂ ਦੀ ਸਿਹਤ ਠੀਕ ਹੈ। ਅਮਰੀਕਾ ਵਿੱਚ ਇਸ ਤਰ੍ਹਾਂ ਦੀ ਹਿੰਸਾ ਲਈ ਕੋਈ ਥਾਂ ਨਹੀਂ ਹੈ। ਸਾਨੂੰ ਇੱਕ ਰਾਸ਼ਟਰ ਵਜੋਂ ਇਸ ਦੀ ਨਿੰਦਾ ਕਰਨੀ ਚਾਹੀਦੀ ਹੈ।" ਬਾਈਡੇਨ ਨੇ ਕਿਹਾ ਕਿ "ਮੈਨੂੰ ਜਿਆਦਾ ਜਾਣਕਾਰੀ ਨਹੀਂ ਹੈ - ਮੇਰੀ ਇੱਕ ਰਾਏ ਹੈ, ਪਰ ਮੇਰੇ ਕੋਲ ਕੋਈ ਤੱਥ ਨਹੀਂ ਹਨ।"
ਸਪੀਕਰ ਵਲੋਂ ਜਲਦੀ ਠੀਕ ਹੋਣ ਦੀ ਕਾਮਨਾ: ਸਦਨ ਦੇ ਸਪੀਕਰ ਮਾਈਕ ਜੌਹਨਸਨ ਨੇ ਟਵਿੱਟਰ 'ਤੇ ਇਕ ਪੋਸਟ ਵਿਚ ਕਿਹਾ ਕਿ ਉਹ ਟਰੰਪ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਨ। ਉਨ੍ਹਾਂ ਕਿਹਾ ਕਿ ਸ਼ਾਂਤਮਈ ਚੋਣ ਰੈਲੀ ਵਿਚ ਸਿਆਸੀ ਹਿੰਸਾ ਦੀ ਇਸ ਘਿਨਾਉਣੀ ਹਰਕਤ ਦੀ ਇਸ ਦੇਸ਼ ਵਿਚ ਕੋਈ ਥਾਂ ਨਹੀਂ ਹੈ ਅਤੇ ਇਸ ਦੀ ਸਰਬਸੰਮਤੀ ਨਾਲ ਅਤੇ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਜਾਣੀ ਚਾਹੀਦੀ ਹੈ।
ਰਾਜਨੀਤਿਕ ਹਿੰਸਾ ਲਈ ਨਹੀਂ ਕੋਈ ਥਾਂ: ਉਥੇ ਹੀ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ, "ਸਾਡੇ ਲੋਕਤੰਤਰ ਵਿੱਚ ਰਾਜਨੀਤਿਕ ਹਿੰਸਾ ਲਈ ਬਿਲਕੁਲ ਕੋਈ ਥਾਂ ਨਹੀਂ ਹੈ। ਹਾਲਾਂਕਿ ਸਾਨੂੰ ਅਜੇ ਤੱਕ ਇਹ ਨਹੀਂ ਪਤਾ ਕਿ ਕੀ ਹੋਇਆ ਹੈ, ਸਾਨੂੰ ਸਾਰਿਆਂ ਨੂੰ ਰਾਹਤ ਮਹਿਸੂਸ ਕਰਨੀ ਚਾਹੀਦੀ ਹੈ ਕਿ ਸਾਬਕਾ ਰਾਸ਼ਟਰਪਤੀ ਟਰੰਪ ਗੰਭੀਰ ਰੂਪ ਵਿੱਚ ਜ਼ਖਮੀ ਨਹੀਂ ਹੋਏ ਹਨ ਅਤੇ ਇਸ ਮੌਕੇ ਦੀ ਵਰਤੋਂ ਆਪਣੀ ਰਾਜਨੀਤੀ ਵਿੱਚ ਸ਼ਿਸ਼ਟਾਚਾਰ ਅਤੇ ਸਨਮਾਨ ਲਈ ਆਪਣੇ ਆਪ ਨੂੰ ਦੁਬਾਰਾ ਸਮਰਪਿਤ ਕਰਨ ਲਈ ਕਰਨੀ ਚਾਹੀਦੀ ਹੈ।"
ਗੋਲੀਬਾਰੀ ਦੀ ਘਟਨਾ ਦੀ ਨਿੰਦਾ:ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ, "ਕਿਸੇ ਵੀ ਰੂਪ ਵਿੱਚ ਸਿਆਸੀ ਹਿੰਸਾ ਦੀ ਸਾਡੇ ਸਮਾਜ ਵਿੱਚ ਕੋਈ ਥਾਂ ਨਹੀਂ ਹੈ ਅਤੇ ਮੇਰੇ ਵਿਚਾਰ ਇਸ ਹਮਲੇ ਦੇ ਸਾਰੇ ਪੀੜਤਾਂ ਦੇ ਨਾਲ ਹਨ।" ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਟਰੰਪ ਦੀ ਰੈਲੀ ਵਿੱਚ ਗੋਲੀਬਾਰੀ ਦੀ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ, "ਸਾਰਾਹ ਅਤੇ ਮੈਂ ਰਾਸ਼ਟਰਪਤੀ ਟਰੰਪ 'ਤੇ ਹੋਏ ਹਮਲੇ ਤੋਂ ਸਦਮੇ 'ਚ ਹਾਂ। ਅਸੀਂ ਉਨ੍ਹਾਂ ਦੀ ਸੁਰੱਖਿਆ ਅਤੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ।"