ਬੰਗਲਾਦੇਸ਼:ਬੰਗਲਾਦੇਸ਼ ਵਿੱਚ ਸ਼ੇਖ ਹਸੀਨਾ ਦੀ ਸਰਕਾਰ ਡਿੱਗਣ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਦੀਆਂ ਤਾਲਿਬਾਨੀ ਕਾਰਵਾਈਆਂ ਸਾਹਮਣੇ ਆਈਆਂ ਹਨ। ਇੱਥੇ ਜੇਸੋਰ 'ਚ ਸੋਮਵਾਰ ਨੂੰ ਇਕ ਹੋਟਲ ਨੂੰ ਅੱਗ ਲੱਗ ਗਈ, ਜਿਸ 'ਚ ਘੱਟੋ-ਘੱਟ 8 ਲੋਕ ਝੁਲਸ ਗਏ ਅਤੇ 84 ਲੋਕ ਜ਼ਖਮੀ ਹੋ ਗਏ। ਹੋਟਲ ਦਾ ਮਾਲਕ ਸ਼ਾਹੀਨ ਚੱਕਲਦਾਰ ਸੀ, ਜੋ ਜੇਸੋਰ ਜ਼ਿਲ੍ਹੇ ਦੀ ਅਵਾਮੀ ਲੀਗ ਦਾ ਜਨਰਲ ਸਕੱਤਰ ਸੀ।
ਹੋਟਲ 'ਚ ਅੱਗ: ਡਿਪਟੀ ਕਮਿਸ਼ਨਰ ਅਬਰਾਰੂਲ ਇਸਲਾਮ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਮ੍ਰਿਤਕਾਂ 'ਚੋਂ 2 ਦੀ ਪਛਾਣ 20 ਸਾਲਾ ਚਯਾਨ ਅਤੇ 19 ਸਾਲਾ ਸੇਜਾਨ ਹੁਸੈਨ ਵਜੋਂ ਹੋਈ ਹੈ। ਹਸਪਤਾਲ ਦੇ ਕਰਮਚਾਰੀ ਹਾਰੂਨ ਰਸ਼ੀਦ ਨੇ ਦੱਸਿਆ ਕਿ ਘੱਟੋ-ਘੱਟ 84 ਲੋਕ ਉੱਥੇ ਇਲਾਜ ਅਧੀਨ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਵਿਦਿਆਰਥੀ ਹਨ। ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਹਜ਼ਾਰਾਂ ਲੋਕ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫੇ ਦਾ ਜਸ਼ਨ ਮਨਾ ਰਹੇ ਸਨ। ਜਸ਼ਨ ਦੌਰਾਨ ਕੁਝ ਲੋਕਾਂ ਨੇ ਚਿਤਾਮੋਰ ਇਲਾਕੇ ਦੇ ਜਬੀਰ ਹੋਟਲ ਨੂੰ ਅੱਗ ਲਾ ਦਿੱਤੀ ਅਤੇ ਉਸ ਦਾ ਫਰਨੀਚਰ ਤੋੜ ਦਿੱਤਾ। ਇਸ ਦੌਰਾਨ ਬਦਮਾਸ਼ਾਂ ਨੇ ਜ਼ਿਲਾ ਅਵਾਮੀ ਲੀਗ ਦੇ ਦਫਤਰ ਅਤੇ ਸ਼ਾਰਸ਼ਾ ਅਤੇ ਬੇਨਾਪੋਲ ਖੇਤਰਾਂ 'ਚ ਅਵਾਮੀ ਲੀਗ ਦੇ ਤਿੰਨ ਹੋਰ ਨੇਤਾਵਾਂ ਦੇ ਘਰਾਂ 'ਤੇ ਹਮਲਾ ਕਰ ਦਿੱਤਾ।