ਕਰਾਚੀ:ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਗਵਾਦਰ ਪੋਰਟ ਅਥਾਰਟੀ ਕੰਪਲੈਕਸ 'ਤੇ ਭਾਰੀ ਹਥਿਆਰਾਂ ਨਾਲ ਲੈਸ ਬਲੋਚ ਅੱਤਵਾਦੀਆਂ ਦੇ ਹਮਲੇ ਨੂੰ ਨਾਕਾਮ ਕਰਦੇ ਹੋਏ ਬੁੱਧਵਾਰ ਨੂੰ ਸੁਰੱਖਿਆ ਬਲਾਂ ਨੇ ਸੱਤ ਅੱਤਵਾਦੀਆਂ ਨੂੰ ਮਾਰ ਦਿੱਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਵੱਖਵਾਦੀ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀਐਲਏ) ਬਲੋਚਿਸਤਾਨ ਵਿੱਚ ਚੀਨੀ ਨਿਵੇਸ਼ ਦਾ ਵਿਰੋਧ ਕਰਦੀ ਹੈ, ਅਤੇ ਚੀਨ ਅਤੇ ਪਾਕਿਸਤਾਨ ਉੱਤੇ ਸਰੋਤਾਂ ਨਾਲ ਭਰਪੂਰ ਸੂਬੇ ਦਾ ਸ਼ੋਸ਼ਣ ਕਰਨ ਦਾ ਇਲਜ਼ਾਮ ਲਾਉਂਦੀ ਹੈ।
ਗਵਾਦਰ ਦੇ ਸੀਨੀਅਰ ਪੁਲਿਸ ਸੁਪਰਡੈਂਟ ਜ਼ੋਹੈਬ ਮੋਹਸਿਨ ਨੇ ਮੀਡੀਆ ਨੂੰ ਦੱਸਿਆ ਕਿ 'ਸੱਤ ਹਮਲਾਵਰ ਮਾਰੇ ਗਏ।' ਮਕਰਾਨ ਡਿਵੀਜ਼ਨ ਦੇ ਕਮਿਸ਼ਨਰ ਸਈਦ ਅਹਿਮਦ ਉਮਰਾਨੀ ਨੇ ਹਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਮਲਾਵਰ ਗਵਾਦਰ ਪੋਰਟ ਅਥਾਰਟੀ ਦੀ ਇਮਾਰਤ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਤੋਂ ਪਹਿਲਾਂ ਸਥਾਨਕ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਸੀ ਕਿ ਸੁਰੱਖਿਆ ਬਲਾਂ ਦੀ ਕਾਰਵਾਈ ਵਿਚ ਅੱਠ ਅੱਤਵਾਦੀ ਮਾਰੇ ਗਏ ਹਨ। ਅਜੇ ਤੱਕ ਕਿਸੇ ਵੀ ਸੁਰੱਖਿਆ ਕਰਮਚਾਰੀ ਜਾਂ ਨਾਗਰਿਕ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ।