ਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫੁਰਮਾਨ:ਬਿਲਾਵਲੁ ਮਹਲਾ ੧ ॥ ਮਨੁ ਮੰਦਰੁ ਤਨੁ ਵੇਸ ਕਲੰਦਰੁ ਘਟ ਹੀ ਤੀਰਥਿ ਨਾਵਾ ॥ ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ ਬਾਹੁੜਿ ਜਨਮਿ ਨ ਆਵਾ ॥੧॥ ਮਨੁ ਬੇਧਿਆ ਦਇਆਲ ਸੇਤੀ ਮੇਰੀ ਮਾਈ ॥ ਕਉਣੁ ਜਾਣੈ ਪੀਰ ਪਰਾਈ ॥ ਹਮ ਨਾਹੀ ਚਿੰਤ ਪਰਾਈ ॥੧॥ ਰਹਾਉ ॥ ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰਹੁ ਹਮਾਰੀ ॥ ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਘਟਿ ਘਟਿ ਜੋਤਿ ਤੁਮੑਾਰੀ ॥੨॥ ਸਿਖ ਮਤਿ ਸਭ ਬੁਧਿ ਤੁਮੑਾਰੀ ਮੰਦਿਰ ਛਾਵਾ ਤੇਰੇ ॥ ਤੁਝ ਬਿਨੁ ਅਵਰੁ ਨ ਜਾਣਾ ਮੇਰੇ ਸਾਹਿਬਾ ਗੁਣ ਗਾਵਾ ਨਿਤ ਤੇਰੇ ॥੩॥ ਜੀਅ ਜੰਤ ਸਭਿ ਸਰਣਿ ਤੁਮੑਾਰੀ ਸਰਬ ਚਿੰਤ ਤੁਧੁ ਪਾਸੇ ॥ ਜੋ ਤੁਧੁ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ॥੪॥੨॥ ਐਤਵਾਰ, ੧੩ ਜੇਠ (ਸੰਮਤ ੫੫੬ ਨਾਨਕਸ਼ਾਹੀ) ੨੬ ਮਈ, ੨੦੨੪ (ਅੰਗ: ੭੯੫)
13 ਜੇਠ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ - Daily Hukamnama - DAILY HUKAMNAMA
Daily Hukamnama: 'ਹੁਕਮਨਾਮਾ' ਸ਼ਬਦ 'ਹੁਕਮ' ਤੇ 'ਨਾਮਾ' ਨੂੰ ਮਿਲ ਕੇ ਬਣਿਆ ਹੈ। 'ਹੁਕਮ' ਦਾ ਮਤਲਬ ਹੈ- ਆਗਿਆ, ਫ਼ੁਰਮਾਨ, ਫ਼ਤਵਾ, ਪਰਵਾਨਾ, ਅਮਰ, ਸ਼ਬਦ ਆਦਿ ਹੈ। 'ਨਾਮਾ' ਦਾ ਮਤਲਬ, ਖਤ, ਪੱਤਰ ਜਾਂ ਚਿੱਠੀ ਹੈ। ਆਮ ਬੋਲਚਾਲ ਦੀ ਭਾਸ਼ਾ ਵਿੱਚ ਹੁਕਮਨਾਮਾ ਉਹ ਲਿਖਤੀ ਸੰਦੇਸ਼ ਜਾਂ ਹੁਕਮ ਹੈ। ਇਸ ਨੂੰ ਮੰਨਣਾ ਵੀ ਲਾਜ਼ਮੀ ਹੁੰਦਾ ਹੈ। ਇਸ ਦੇ ਲਿਖ਼ਤੀ ਸਰੂਪ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ।
![13 ਜੇਠ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ - Daily Hukamnama Daily Hukamnama Golden Temple 26 May 2024](https://etvbharatimages.akamaized.net/etvbharat/prod-images/26-05-2024/1200-675-21212079-402-21212079-1712970176134.jpg)
Published : May 26, 2024, 6:09 AM IST
ਪੰਜਾਬੀ ਵਿਆਖਿਆ:ਬਿਲਾਵਲੁ ਮਹਲਾ ੧ ॥ ਮੇਰਾ ਮਨ ਪ੍ਰਭੂ-ਦੇਵ ਦੇ ਰਹਿਣ ਲਈ ਮੰਦਰ ਬਣ ਗਿਆ ਹੈ, ਮੇਰਾ ਸਰੀਰ ਭਾਵ, ਮੇਰਾ ਹਰੇਕ ਗਿਆਨ-ਇੰਦ੍ਰਾ ਮੰਦਰ ਦੀ ਜਾਤ੍ਰਾ ਕਰਨ ਵਾਲਾ ਰਮਤਾ ਸਾਧੂ ਬਣ ਗਿਆ ਹੈ। ਭਾਵ, ਮੇਰੇ ਗਿਆਨ-ਇੰਦ੍ਰੇ ਬਾਹਰ ਭਟਕਣ ਦੇ ਥਾਂ ਅੰਦਰ-ਵੱਸਦੇ ਪਰਮਾਤਮਾ ਵਲ ਪਰਤ ਪਏ ਹਨ, ਹੁਣ ਮੈਂ ਹਿਰਦੇ-ਤੀਰਥ ਉਤੇ ਹੀ ਇਸਨਾਨ ਕਰਦਾ ਹਾਂ। ਪਰਮਾਤਮਾ ਦੀ ਸਿਫ਼ਤਿ ਸਾਲਾਹ ਦਾ ਸ਼ਬਦ ਮੇਰੀ ਜਿੰਦ ਵਿਚ ਟਿਕ ਗਿਆ ਹੈ। ਮੇਰੀ ਜਿੰਦ ਦਾ ਆਸਰਾ ਬਣ ਗਿਆ। ਇਸ ਵਾਸਤੇ ਮੈਨੂੰ ਯਕੀਨ ਹੋ ਗਿਆ ਹੈ ਕਿ ਮੈਂ ਮੁੜ ਜਨਮ ਵਿਚ ਨਹੀਂ ਆਵਾਂਗਾ।੧।ਹੇ ਮੇਰੀ ਮਾਂ! ਮੇਰਾ ਮਨ ਦਇਆ-ਦੇ-ਘਰ ਪ੍ਰਭੂ ਦੇ ਚਰਨਾਂ ਵਿਚ ਵਿੱਝ ਗਿਆ ਹੈ। ਹੁਣ ਮੈਂ ਪ੍ਰਭੂ ਤੋਂ ਬਿਨਾ ਕਿਸੇ ਹੋਰ ਦੀ ਆਸ ਨਹੀਂ ਰੱਖਦਾ, ਕਿਉਂਕਿ ਮੈਨੂੰ ਯਕੀਨ ਹੋ ਗਿਆ ਹੈ ਕਿ ਪਰਮਾਤਮਾ ਤੋਂ ਬਿਨਾ ਕੋਈ ਹੋਰ ਕਿਸੇ ਦੂਜੇ ਦਾ ਦੁੱਖ-ਦਰਦ ਸਮਝ ਨਹੀਂ ਸਕਦਾ।੧।ਰਹਾਉ।ਹੇ ਅਪਹੁਚ! ਹੇ ਅਗੋਚਰ! ਹੇ ਅਦ੍ਰਿਸ਼ਟ! ਹੇ ਬੇਅੰਤ ਪ੍ਰਭੂ! ਤੂੰ ਹੀ ਸਾਡੀ ਸਭ ਜੀਵਾਂ ਦੀ ਸੰਭਾਲ ਕਰਦਾ ਹੈਂ। ਤੂੰ ਜਲ ਵਿਚ, ਧਰਤੀ ਵਿਚ, ਆਕਾਸ਼ ਵਿਚ ਹਰ ਥਾਂ ਨਕਾਨਕ ਵਿਆਪਕ ਹੈਂ, ਹਰੇਕ ਜੀਵ ਦੇ ਹਿਰਦੇ ਵਿਚ ਤੇਰੀ ਜੋਤਿ ਮੌਜੂਦ ਹੈ।੨। ਹੇ ਮੇਰੇ ਮਾਲਕ-ਪ੍ਰਭੂ! ਸਭ ਜੀਵਾਂ ਦੇ ਮਨ ਤੇ ਸਰੀਰ ਤੇਰੇ ਹੀ ਰਚੇ ਹੋਏ ਹਨ, ਸਿੱਖਿਆ ਅਕਲ ਸਮਝ ਸਭ ਜੀਵਾਂ ਨੂੰ ਤੈਥੋਂ ਹੀ ਮਿਲਦੀ ਹੈ। ਤੇਰੇ ਬਰਾਬਰ ਦਾ ਮੈਂ ਕਿਸੇ ਹੋਰ ਨੂੰ ਨਹੀਂ ਜਾਣਦਾ। ਮੈਂ ਨਿਤ ਤੇਰੇ ਹੀ ਗੁਣ ਗਾਂਦਾ ਹਾਂ।੩। ਸਾਰੇ ਜੀਵ ਜੰਤ ਤੇਰੇ ਹੀ ਆਸਰੇ ਹਨ, ਤੈਨੂੰ ਹੀ ਸਭ ਦੀ ਸੰਭਾਲ ਦਾ ਫਿਕਰ ਹੈ। ਨਾਨਕ ਦੀ ਤੇਰੇ ਦਰ ਤੇ ਸਿਰਫ਼ ਇਹੀ ਬੇਨਤੀ ਹੈ ਕਿ ਜੋ ਤੇਰੀ ਰਜ਼ਾ ਹੋਵੇ ਉਹ ਮੈਨੂੰ ਚੰਗੀ ਲੱਗੇ, ਮੈਂ ਸਦਾ ਤੇਰੀ ਰਜ਼ਾ ਵਿਚ ਰਾਜ਼ੀ ਰਹਾਂ।੪।੨। (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ)
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
- ਉਤਰਾਖੰਡ ਦੇ CM ਧਾਮੀ ਨੇ ਲੁਧਿਆਣਾ 'ਚ ਦਿੱਤਾ ਬਿਆਨ, ਕਿਹਾ- ਕਾਂਗਰਸ ਕਰ ਰਹੀ ਦੇਸ਼ ਤੋੜਨ ਦੀ ਰਾਜਨੀਤੀ - Lok Sabha Elections
- ਪੰਜਾਬ 'ਚ ਰਾਹੁਲ ਗਾਂਧੀ ਦੀ ਰੈਲੀ: ਔਜਲਾ ਲਈ ਕਰ ਰਹੇ ਪ੍ਰਚਾਰ, ਕਿਹਾ - ਸੰਵਿਧਾਨ 'ਚ ਗੁਰੂ ਨਾਨਕ ਦੇਵ ਜੀ ਦੀ ਸੋਚ, ਜਿਸਨੂੰ ਤਬਾਹ ਕਰਨਾ ਚਾਹੁੰਦੀ ਹੈ ਭਾਜਪਾ - Rahul Gandhi in Punjab
- ਇਕ ਕਰੋੜ ਪੰਜਾਬਣਾਂ ਨਾਲ ਧੋਖੇ ਦੇ; ਪੰਜਾਬ 'ਚ AAP ਦੇ 2 ਸਾਲ, ਜਾਖੜ ਦਾ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ - Lok Sabha Elections