ਹੈਦਰਾਬਾਦ: ਹੋਲੀ ਦਾ ਤਿਉਹਾਰ ਕਈ ਲੋਕਾਂ ਨੂੰ ਪਸੰਦ ਹੁੰਦਾ ਹੈ। ਇਸਨੂੰ ਰੰਗਾਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ, ਪਰ ਕਈ ਵਾਰ ਬਾਜ਼ਾਰ ਤੋਂ ਮਿਲਣ ਵਾਲੇ ਰੰਗ ਖਤਰਨਾਕ ਹੁੰਦੇ ਹਨ। ਇਸ ਲਈ ਤੁਸੀਂ ਘਰ 'ਚ ਰੰਗ ਬਣਾਉਣ ਦੀ ਕੋਸ਼ਿਸ਼ ਕਰ ਸਕਦੇ ਹੋ। ਇਹ ਰੰਗ ਬਣਾਉਣਾ ਆਸਾਨ ਹੀ ਨਹੀਂ, ਸਗੋ ਘਰ 'ਚ ਬਣਾਏ ਰੰਗ ਚਮੜੀ ਨੂੰ ਨੁਕਸਾਨ ਵੀ ਨਹੀਂ ਪਚਾਉਦੇ। ਇਸ ਲਈ ਤੁਸੀਂ ਹੋਲੀ ਮੌਕੇ ਘਰ 'ਚ ਹੀ ਰੰਗ ਬਣਾਉਣਾ ਸਿੱਖ ਸਕਦੇ ਹੋ।
ਘਰ 'ਚ ਹੋਲੀ ਦਾ ਰੰਗ ਬਣਾਉਣ ਦੇ ਤਰੀਕੇ:
ਚੁਕੰਦਰ ਤੋਂ ਗੁਲਾਬੀ ਰੰਗ: ਹੋਲੀ ਦਾ ਤਿਉਹਾਰ ਆਉਦੇ ਹੀ ਲੋਕ ਬਾਜ਼ਾਰਾਂ ਤੋਂ ਰੰਗ ਲੈਣਾ ਸ਼ੁਰੂ ਕਰ ਦਿੰਦੇ ਹਨ, ਪਰ ਇਸ ਵਾਰ ਤੁਸੀਂ ਘਰ 'ਚ ਰੰਗ ਬਣਾਉਣ ਦਾ ਟਰਾਈ ਕਰ ਸਕਦੇ ਹੋ। ਰੰਗ ਬਣਾਉਣ ਲਈ ਪਹਿਲਾ ਚੁਕੰਦਰ ਨੂੰ ਧੋ ਲਓ। ਫਿਰ ਇਸਨੂੰ ਕੱਟ ਕੇ ਪੀਸ ਲਓ। ਇਸ ਤੋਂ ਬਾਅਦ, ਚੁਕੰਦਰ 'ਚੋ ਨਿਕਲੇ ਰਸ ਨੂੰ ਛਾਣ ਲਓ ਅਤੇ ਕਿਸੇ ਸਾਫ਼ ਭਾਂਡੇ 'ਚ ਪਾ ਲਓ। ਇਸਨੂੰ ਚੰਗੀ ਤਰ੍ਹਾਂ ਸੁੱਕਣ ਦਿਓ। ਸੁਕਾਉਣ ਤੋਂ ਬਾਅਦ ਚੁਕੰਦਰ ਦੇ ਰਸ ਨੂੰ ਪੀਸ ਕੇ ਪਾਊਡਰ ਬਣਾ ਲਓ। ਇਸ ਤਰ੍ਹਾਂ ਹੋਲੀ ਲਈ ਗੁਲਾਬੀ ਰੰਗ ਤਿਆਰ ਹੋ ਜਾਵੇਗਾ।
ਗੇਂਦੇ ਤੋਂ ਪੀਲਾ ਰੰਗ: ਜੇਕਰ ਤੁਸੀਂ ਹੋਲੀ ਲਈ ਪੀਲਾ ਰੰਗ ਬਣਾਉਣਾ ਚਾਹੁੰਦੇ ਹੋ, ਤਾਂ ਗੇਂਦੇ ਦਾ ਇਸਤੇਮਾਲ ਕਰ ਸਕਦੇ ਹੋ। ਪੀਲਾ ਰੰਗ ਬਣਾਉਣ ਲਈ ਸਭ ਤੋਂ ਪਹਿਲਾ ਗੇਂਦੇ ਦੇ ਫੁੱਲਾਂ ਨੂੰ ਸੁੱਕਾ ਲਓ ਅਤੇ ਪੀਸ ਲਓ। ਫਿਰ ਪੀਸੀ ਹੋਈ ਸਮੱਗਰੀ ਨੂੰ ਛਾਣ ਲਓ, ਤਾਂਕਿ ਬਾਰੀਕ ਪਾਊਡਰ ਬਣ ਜਾਵੇ। ਇਸ ਤਰ੍ਹਾਂ ਪੀਲਾ ਰੰਗ ਤਿਆਰ ਹੋ ਜਾਵੇਗਾ।
ਸੰਤਰੇ ਦੇ ਛਿਲਕਿਆਂ ਤੋਂ ਨਾਰੰਗੀ ਰੰਗ: ਸੰਤਰੇ ਦੇ ਸੁੱਕੇ ਛਿਲਕਿਆਂ ਨੂੰ ਪੀਸਕੇ ਤੁਸੀਂ ਨਾਰੰਗੀ ਰੰਗ ਬਣਾ ਸਕਦੇ ਹੋ। ਇਹ ਰੰਗ ਸੁੰਦਰ ਵੀ ਦਿਖਾਈ ਦਿੰਦਾ ਹੈ ਅਤੇ ਚਮੜੀ ਲਈ ਵੀ ਸੁਰੱਖਿਅਤ ਹੈ। ਘਰ 'ਚ ਬਣੇ ਹੋਏ ਰੰਗਾਂ ਨਾਲ ਤੁਸੀਂ ਸੁਰੱਖਿਅਤ ਹੋਲੀ ਖੇਡ ਸਕਦੇ ਹੋ ਅਤੇ ਵਾਤਾਵਰਣ ਦੀ ਵੀ ਰੱਖਿਆ ਕਰ ਸਕਦੇ ਹੋ।
ਨੀਲਾ ਰੰਗ: ਹੋਲੀ ਮੌਕੇ ਤੁਸੀਂ ਨੀਲੇ ਰੰਗ ਨੂੰ ਵੀ ਘਰ 'ਚ ਹੀ ਬਣਾ ਸਕਦੇ ਹੋ। ਨੀਲਾ ਰੰਗ ਬਣਾਉਣ ਲਈ ਅਪਰਾਜਿਤਾ ਦੇ ਫੁੱਲਾਂ ਦੀ ਲੋੜ ਹੁੰਦੀ ਹੈ। ਇਨ੍ਹਾਂ ਫੁੱਲਾਂ ਨੂੰ ਦੋ ਤੋਂ ਤਿੰਨ ਦਿਨਾਂ ਤੱਕ ਧੁੱਪ 'ਚ ਸੁੱਕਾ ਲਓ। ਇਸਦੇ ਨਾਲ ਹੀ, ਚੌਲਾ ਨੂੰ ਵੀ ਧੋ ਕੇ ਸੁੱਕਾ ਲਓ। ਫਿਰ ਇਨ੍ਹਾਂ ਦੋਨਾਂ ਨੂੰ ਮਿਕਸੀ 'ਚ ਪੀਸ ਲਓ। ਇਸ ਤਰ੍ਹਾਂ ਨੀਲਾ ਰੰਗ ਤਿਆਰ ਹੋ ਜਾਵੇਗਾ।
ਹਰਾ ਰੰਗ: ਹਰਾ ਰੰਗ ਬਣਾਉਣ ਲਈ ਮਹਿੰਦੀ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਰੰਗ ਚਮੜੀ ਲਈ ਵੀ ਵਧੀਆਂ ਹੁੰਦਾ ਹੈ। ਇਸਨੂੰ ਬਣਾਉਣ ਲਈ ਮਹਿੰਦੀ ਪਾਊਡਰ 'ਚ ਚੰਦਨ ਪਾਊਡਰ ਮਿਕਸ ਕਰ ਲਓ। ਇਸ ਤਰ੍ਹਾਂ ਹਰਾ ਰੰਗ ਤਿਆਰ ਹੋ ਜਾਵੇਗਾ।