ਹੈਦਰਾਬਾਦ: ਅੱਜਕੱਲ੍ਹ ਬਦਲਦੀ ਜੀਵਨ ਸ਼ੈਲੀ ਕਾਰਨ ਬਹੁਤ ਸਾਰੇ ਲੋਕਾਂ ਨੂੰ ਛੋਟੀ ਉਮਰ ਵਿੱਚ ਹੀ ਵਾਲਾਂ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਸਮੱਸਿਆਵਾਂ 'ਚ ਵਾਲ ਝੜਨਾ, ਖੁਸ਼ਕੀ, ਸਲੇਟੀ ਵਾਲ, ਡੈਂਡਰਫ ਵਰਗੀਆਂ ਸਮੱਸਿਆਵਾਂ ਸ਼ਾਮਲ ਹਨ। ਕੁਝ ਲੋਕ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਵੱਖ-ਵੱਖ ਤਰ੍ਹਾਂ ਦੇ ਹੇਅਰ ਕੇਅਰ ਪ੍ਰੋਡਕਟਸ ਅਤੇ ਬਾਜ਼ਾਰ 'ਚ ਮੌਜੂਦ ਤੇਲ ਦੀ ਵਰਤੋਂ ਕਰਦੇ ਹਨ। ਪਰ ਇਸ ਨਾਲ ਖਤਰਾ ਹੋਰ ਵੀ ਵੱਧ ਸਕਦਾ ਹੈ। ਇਸ ਲਈ ਤੁਸੀਂ ਘਰੇਲੂ ਪਿਆਜ਼ ਦੇ ਤੇਲ ਦੀ ਵਰਤੋ ਕਰ ਸਕਦੇ ਹੋ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਇਸ ਤੇਲ ਦੀ ਵਰਤੋਂ ਕਰਦੇ ਹੋ, ਤਾਂ ਆਸਾਨੀ ਨਾਲ ਵਾਲਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ।
ਪਿਆਜ਼ ਦਾ ਤੇਲ ਬਣਾਉਣ ਲਈ ਸਮੱਗਰੀ: ਪਿਆਜ਼ ਦਾ ਤੇਲ ਬਣਾਉਣ ਲਈ ਅੱਧਾ ਕੱਪ ਨਾਰੀਅਲ ਦਾ ਤੇਲ, ਚਮਚ ਮੇਥੀ, 15 ਤੋਂ 20 ਕੜੀ ਪੱਤੇ, ਇੱਕ ਪਿਆਜ਼ ਦੀ ਲੋੜ ਹੁੰਦੀ ਹੈ।
ਪਿਆਜ਼ ਦਾ ਤੇਲ ਬਣਾਉਣ ਦਾ ਤਰੀਕਾ: ਪਿਆਜ਼ ਦਾ ਤੇਲ ਬਣਾਉਣ ਲਈ ਸਭ ਤੋਂ ਪਹਿਲਾ ਪਿਆਜ਼ ਨੂੰ ਛਿੱਲ ਕੇ ਬਾਰੀਕ ਕੱਟ ਲਓ। ਇਸ ਤੋਂ ਬਾਅਦ ਗੈਸ 'ਤੇ ਭਾਂਡਾ ਰੱਖ ਕੇ ਉਸ ਵਿੱਚ ਨਾਰੀਅਲ ਦਾ ਤੇਲ, ਮੇਥੀ, ਕੜੀ ਪੱਤਾ ਅਤੇ ਪਿਆਜ਼ ਦੇ ਟੁਕੜੇ ਪਾ ਦਿਓ। ਫਿਰ ਇਸ ਮਿਸ਼ਰਣ ਨੂੰ ਹੌਲੀ ਗੈਸ 'ਤੇ ਅੱਧੇ ਘੰਟੇ ਲਈ ਉਬਲਣ ਦਿਓ। ਇਸ ਤਰ੍ਹਾਂ ਕਰਨ ਨਾਲ ਪਿਆਜ਼, ਕੜੀ ਪੱਤਾ ਅਤੇ ਮੇਥੀ ਦੇ ਬੀਜਾਂ ਦੇ ਸਾਰੇ ਪੋਸ਼ਕ ਤੱਤ ਤੇਲ ਵਿੱਚ ਸਮਾ ਜਾਣਗੇ। ਫਿਰ ਗੈਸ ਨੂੰ ਬੰਦ ਕਰ ਦਿਓ ਅਤੇ ਮਿਸ਼ਰਣ ਨੂੰ ਠੰਡਾ ਹੋਣ ਤੱਕ ਇਕ ਪਾਸੇ ਰੱਖ ਦਿਓ। ਫਿਰ ਕਿਸੇ ਸਾਫ਼ ਕੱਪੜੇ ਦੀ ਮਦਦ ਨਾਲ ਤੇਲ ਨੂੰ ਛਾਣ ਲਓ ਅਤੇ ਇਸ ਤੇਲ ਨੂੰ ਏਅਰਟਾਈਟ ਕੰਟੇਨਰ ਵਿੱਚ ਸਟੋਰ ਕਰਕੇ ਰੱਖ ਲਓ।
ਪਿਆਜ਼ ਦੇ ਤੇਲ ਦੇ ਫਾਇਦੇ:
- ਪਿਆਜ਼ ਦੇ ਤੇਲ ਨੂੰ ਬਣਾਉਣ ਵਿੱਚ ਵਰਤੇ ਜਾਣ ਵਾਲੇ ਕੜੀ ਪੱਤੇ ਐਂਟੀਆਕਸੀਡੈਂਟਸ ਗੁਣਾਂ ਨਾਲ ਭਰਪੂਰ ਹੁੰਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਤੇਲ ਵਾਲਾਂ ਨੂੰ ਲੋੜੀਂਦੀ ਨਮੀ ਪ੍ਰਦਾਨ ਕਰਕੇ ਕੁਦਰਤੀ ਮਾਇਸਚਰਾਈਜ਼ਰ ਦੇਣ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ, ਇਸ ਵਿੱਚ ਮੌਜੂਦ ਪ੍ਰੋਟੀਨ ਵਾਲਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ 'ਚ ਵੀ ਮਦਦਗਾਰ ਹੁੰਦਾ ਹੈ।
- ਇਸ ਤੇਲ ਨੂੰ ਬਣਾਉਣ ਲਈ ਵਰਤਿਆ ਜਾਣ ਵਾਲਾ ਨਾਰੀਅਲ ਤੇਲ ਹਵਾ ਪ੍ਰਦੂਸ਼ਣ ਦੇ ਪ੍ਰਭਾਵਾਂ ਤੋਂ ਵਾਲਾਂ ਨੂੰ ਚੰਗੀ ਸੁਰੱਖਿਆ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ, ਪਿਆਜ਼ ਦਾ ਤੇਲ ਵਾਲਾਂ ਨੂੰ ਤਾਕਤ ਦੇ ਸਕਦਾ ਹੈ ਅਤੇ ਵਾਲਾਂ ਨੂੰ ਟੁੱਟਣ ਤੋਂ ਰੋਕਣ 'ਚ ਮਦਦ ਕਰਦਾ ਹੈ।
- ਪਿਆਜ਼ ਵਿੱਚ ਮੌਜੂਦ ਪੋਸ਼ਕ ਤੱਤ ਵਾਲਾਂ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਪਿਆਜ਼ ਵਿੱਚ ਮੌਜੂਦ ਐਂਟੀ-ਫੰਗਲ, ਐਂਟੀ-ਬੈਕਟੀਰੀਅਲ ਅਤੇ ਐਂਟੀ-ਇੰਫਲੇਮੇਟਰੀ ਗੁਣ ਵਾਲਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦਗਾਰ ਹੁੰਦੇ ਹਨ। ਇਸ ਨਾਲ ਵਾਲ ਝੜਨ ਦੀ ਸਮੱਸਿਆ ਨੂੰ ਰੋਕਿਆ ਜਾ ਸਕਦਾ ਹੈ।
- ਪਿਆਜ਼ ਦੇ ਤੇਲ ਨੂੰ ਬਣਾਉਣ ਲਈ ਵਰਤੀ ਜਾਂਦੀ ਮੇਥੀ 'ਚ ਪ੍ਰੋਟੀਨ ਅਤੇ ਨਿਕੋਟਿਨਿਕ ਐਸਿਡ ਮੌਜ਼ੂਦ ਹੁੰਦਾ ਹੈ, ਜੋ ਡੈਂਡਰਫ ਦੀ ਸਮੱਸਿਆ ਨੂੰ ਘੱਟ ਕਰਨ ਵਿੱਚ ਬਹੁਤ ਮਦਦ ਕਰਦਾ ਹੈ।
ਨੋਟ:ਇੱਥੇ ਦਿੱਤੀ ਸਾਰੀ ਜਾਣਕਾਰੀ ਅਤੇ ਸੁਝਾਅ ਸਿਰਫ਼ ਤੁਹਾਡੀ ਸਮਝ ਲਈ ਹਨ। ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾਂ ਆਪਣੇ ਨਿੱਜੀ ਡਾਕਟਰ ਦੀ ਸਲਾਹ ਲੈਣੀ ਬਿਹਤਰ ਹੈ।