ਅੱਜ ਦੀ ਬਦਲਦੀ ਜੀਵਨਸ਼ੈਲੀ ਕਾਰਨ ਡਿਮੈਂਸ਼ੀਆ ਦੀ ਸਮੱਸਿਆ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਜ਼ਿਆਦਾ ਇਹ ਸਮੱਸਿਆ ਬੁਢਾਪੇ 'ਚ ਸ਼ੁਰੂ ਹੁੰਦੀ ਹੈ ਪਰ ਅੱਜ ਕੱਲ ਹਰ ਕੋਈ ਇਸ ਭੁੱਲਣ ਦੀ ਬਿਮਾਰੀ ਦਾ ਸ਼ਿਕਾਰ ਹੋ ਰਿਹਾ ਹੈ। ਇਸ ਨਾਲ ਲੋਕਾਂ ਦੇ ਸੋਚਣ ਦੇ ਢੰਗ ਨੂੰ ਵੀ ਨੁਕਸਾਨ ਪਹੁੰਚਦਾ ਹੈ। ਨਤੀਜੇ ਵਜੋਂ ਵਿਵਹਾਰ, ਬੋਲਚਾਲ ਅਤੇ ਹਰਕਤਾਂ ਸਭ ਬਦਲ ਜਾਂਦੀਆਂ ਹਨ। ਹਾਲਾਂਕਿ, ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਮੱਸਿਆ ਨੂੰ ਘੱਟ ਕਰਨ ਲਈ ਜੈਤੂਨ ਦਾ ਤੇਲ ਫ਼ਾਇਦੇਮੰਦ ਹੈ। ਇਸ ਨਾਲ ਸਬੰਧਤ ਖੋਜ ਵੀ ਕੀਤੀ ਗਈ ਹੈ।
ਡਿਮੈਂਸ਼ੀਆ ਕੀ ਹੈ?
ਡਿਮੈਂਸ਼ੀਆ ਇੱਕ ਅਜਿਹੀ ਸਥਿਤੀ ਹੈ ਜੋ ਦਿਮਾਗ ਵਿੱਚ ਨਰਵ ਸੈੱਲਾਂ ਦੇ ਨਸ਼ਟ ਹੋਣ ਕਾਰਨ ਹੁੰਦੀ ਹੈ। ਇਸ ਨਾਲ ਯਾਦ ਸ਼ਕਤੀ ਅਤੇ ਸੋਚਣ ਦੀ ਸ਼ਕਤੀ ਘੱਟ ਜਾਂਦੀ ਹੈ। ਡਿਮੈਂਸ਼ੀਆ ਦੇ ਕਈ ਕਾਰਨ ਹੋ ਸਕਦੇ ਹਨ। ਇਨ੍ਹਾਂ ਕਾਰਨਾਂ ਵਿੱਚ ਅਲਜ਼ਾਈਮਰ ਮੁੱਖ ਹੈ। ਦੋ ਕਿਸਮ ਦੇ ਪ੍ਰੋਟੀਨ ਐਮੀਲੋਇਡ ਅਤੇ ਟਾਊ ਦਿਮਾਗ ਵਿੱਚ ਅਸਧਾਰਨ ਰੂਪ ਵਿੱਚ ਇਕੱਠੇ ਹੁੰਦੇ ਹਨ। ਇਹ ਦਿਮਾਗ ਦੇ ਸੈੱਲਾਂ ਨੂੰ ਨਸ਼ਟ ਕਰਦੇ ਹਨ ਅਤੇ ਦਿਮਾਗੀ ਕਮਜ਼ੋਰੀ ਦਾ ਕਾਰਨ ਬਣਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਡਿਮੈਂਸ਼ੀਆ ਕਈ ਵਾਰ ਮੌਤ ਦਾ ਕਾਰਨ ਵੀ ਬਣ ਸਕਦਾ ਹੈ। ਹਾਲਾਂਕਿ, ਕਈ ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ ਇਨ੍ਹਾਂ ਸਮੱਸਿਆਵਾਂ ਨੂੰ ਘੱਟ ਕਰਨ ਲਈ ਜੈਤੂਨ ਦੇ ਤੇਲ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਹਾਰਵਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਦੀ ਅਗਵਾਈ ਵਾਲੀ ਟੀਮ ਨੇ ਖੁਲਾਸਾ ਕੀਤਾ ਹੈ ਕਿ ਜੈਤੂਨ ਦੇ ਤੇਲ ਵਿੱਚ ਐਂਟੀਆਕਸੀਡੈਂਟਸ ਸਮੇਤ ਹੋਰ ਪੌਸ਼ਟਿਕ ਤੱਤ ਦਿਮਾਗ ਦੀ ਸਿਹਤ ਦੀ ਰੱਖਿਆ ਕਰਨ ਅਤੇ ਦਿਮਾਗੀ ਕਮਜ਼ੋਰੀ ਤੋਂ ਮੌਤ ਦੇ ਖਤਰੇ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ। ਇਸ ਸਬੰਧੀ ਵੇਰਵੇ ਅਮਰੀਕਨ ਮੈਡੀਕਲ ਐਸੋਸੀਏਸ਼ਨ ਦੇ ਜਰਨਲ ਵਿੱਚ ਪ੍ਰਕਾਸ਼ਿਤ ਕੀਤੇ ਗਏ ਹਨ।
ਖੋਜ ਵਿੱਚ ਕੀ ਹੋਇਆ ਖੁਲਾਸਾ?
ਇਸ ਖੋਜ ਵਿੱਚ ਵਿਗਿਆਨੀਆਂ ਨੇ 92 ਹਜ਼ਾਰ ਤੋਂ ਵੱਧ ਲੋਕਾਂ ਦਾ ਡਾਟਾ ਇਕੱਠਾ ਕੀਤਾ ਸੀ। ਜੋ ਲੋਕ ਪ੍ਰਤੀ ਦਿਨ 7 ਗ੍ਰਾਮ ਤੋਂ ਵੱਧ ਜੈਤੂਨ ਦੇ ਤੇਲ ਦਾ ਸੇਵਨ ਕਰਦੇ ਹਨ, ਉਨ੍ਹਾਂ ਵਿੱਚ ਜੈਤੂਨ ਦੇ ਤੇਲ ਦੀ ਵਰਤੋਂ ਨਾ ਕਰਨ ਵਾਲਿਆਂ ਦੀ ਤੁਲਨਾ ਵਿੱਚ ਦਿਮਾਗੀ ਕਮਜ਼ੋਰੀ ਨਾਲ ਮਰਨ ਦਾ ਖਤਰਾ 28% ਘੱਟ ਸੀ। ਇਹ ਖੋਜ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਵਿਖੇ ਨੈਸ਼ਨਲ ਇੰਸਟੀਚਿਊਟ ਆਫ਼ ਏਜਿੰਗ ਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਕੀਤੀ ਗਈ ਸੀ।