ਹੈਦਰਾਬਾਦ:ਖਜੂਰ ਇੱਕ ਡਰਾਈ ਫਰੂਟ ਹੈ ਜੋ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਨਾਲ ਤੁਹਾਡੇ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਨ 'ਚ ਮਦਦ ਮਿਲ ਸਕਦੀ ਹੈ। ਇਹ ਡਰਾਈ ਫਰੂਟ ਗੰਭੀਰ ਬਿਮਾਰੀਆਂ ਵਿੱਚ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ। ਸਿਹਤ ਮਾਹਿਰ ਇਸ ਨੂੰ ਸਿਹਤ ਲਈ ਵਰਦਾਨ ਤੋਂ ਘੱਟ ਨਹੀਂ ਮੰਨਦੇ ਹਨ। ਦਿੱਲੀ ਦੇ ਪੋਸ਼ਣ ਵਿਗਿਆਨੀ ਡਾਕਟਰ ਲੋਕੇਂਦਰ ਤੋਮਰ ਅਨੁਸਾਰ, ਸੁੱਕੀਆਂ ਖਜੂਰਾਂ ਵਿੱਚ ਤਾਜ਼ੀਆਂ ਖਜੂਰਾਂ ਨਾਲੋਂ ਘੱਟ ਨਮੀ ਹੁੰਦੀ ਹੈ।
ਖਜੂਰਾਂ ਵਿੱਚ ਕੈਲੋਰੀ ਬਹੁਤ ਜ਼ਿਆਦਾ ਹੁੰਦੀ ਹੈ। ਇਸ ਲਈ ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇਸ ਦੇ ਸੇਵਨ ਨੂੰ ਸੀਮਤ ਕਰਨਾ ਚਾਹੀਦਾ ਹੈ। ਖਜੂਰ ਫਾਈਬਰ ਅਤੇ ਪ੍ਰੋਟੀਨ ਦਾ ਇੱਕ ਵਧੀਆ ਸਰੋਤ ਹੈ, ਜੋ ਤੁਹਾਡੇ ਸਰੀਰ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ, ਇਹ ਕੈਲਸ਼ੀਅਮ, ਮਿਨਰਲਸ ਅਤੇ ਵਿਟਾਮਿਨ ਸੀ ਦਾ ਵੀ ਚੰਗਾ ਸਰੋਤ ਹੈ।
ਖਜੂਰ ਦੇ ਫਾਇਦੇ:
ਦਿਲ ਲਈ ਫਾਇਦੇਮੰਦ: ਖਜੂਰਾਂ ਵਿੱਚ ਚਰਬੀ ਘੱਟ ਹੁੰਦੀ ਹੈ ਅਤੇ ਕੋਲੈਸਟ੍ਰੋਲ ਵੀ ਬਹੁਤ ਘੱਟ ਹੁੰਦਾ ਹੈ। ਇਸ ਤੋਂ ਇਲਾਵਾ, ਇਹ ਸਾਡੇ ਖੂਨ ਦੇ ਗੇੜ ਵਿੱਚ ਘੱਟ ਘਣਤਾ ਵਾਲੇ ਲਿਪੋਪ੍ਰੋਟੀਨ ਜਾਂ ਖਰਾਬ ਕੋਲੇਸਟ੍ਰੋਲ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਖਜੂਰਾਂ ਵਿੱਚ ਘੱਟ ਸੋਡੀਅਮ ਅਤੇ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਬਲੱਡ ਸਰਕੁਲੇਸ਼ਨ ਕੰਟਰੋਲ 'ਚ ਰਹਿੰਦਾ ਹੈ, ਜੋ ਸਾਡੇ ਦਿਲ ਲਈ ਬਹੁਤ ਚੰਗਾ ਹੁੰਦਾ ਹੈ।
ਪਾਚਨ ਅਤੇ ਮੋਟਾਪੇ ਲਈ ਫਾਇਦੇਮੰਦ: ਖਜੂਰਾਂ ਵਿੱਚ ਐਂਟੀ-ਆਕਸੀਡੇਟਿਵ ਗੁਣ ਪਾਏ ਜਾਂਦੇ ਹਨ, ਜੋ ਮੈਟਾਬੋਲਿਜ਼ਮ ਨੂੰ ਵਧਾਉਂਦੇ ਹਨ। ਜੇਕਰ ਤੁਸੀਂ ਇਸ ਨੂੰ ਰੋਜ਼ ਖਾਲੀ ਪੇਟ ਖਾਂਦੇ ਹੋ, ਤਾਂ ਤੁਹਾਨੂੰ ਭਾਰ ਘਟਾਉਣ 'ਚ ਮਦਦ ਮਿਲ ਸਕਦੀ ਹੈ। ਇਸ ਤੋਂ ਇਲਾਵਾ, ਇਸ 'ਚ ਕਈ ਤਰ੍ਹਾਂ ਦੇ ਫਾਈਬਰ ਪਾਏ ਜਾਂਦੇ ਹਨ, ਜੋ ਪਾਚਨ ਨੂੰ ਵਧਾਉਣ ਅਤੇ ਭੋਜਨ ਨੂੰ ਸੋਖਣ ਵਿੱਚ ਮਦਦ ਕਰਦੇ ਹਨ। ਪਰ, ਸਿਹਤ ਮਾਹਰਾਂ ਦੁਆਰਾ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਹਰ ਰੋਜ਼ 2-3 ਖਜੂਰਾਂ ਤੋਂ ਵੱਧ ਨਾ ਖਾਓ, ਕਿਉਂਕਿ ਇਨ੍ਹਾਂ ਵਿੱਚ ਕੈਲੋਰੀ ਦੀ ਮਾਤਰਾ ਵਧੇਰੇ ਹੁੰਦੀ ਹੈ।
ਕਬਜ਼ ਤੋਂ ਰਾਹਤ: ਕਬਜ਼ ਤੋਂ ਪੀੜਤ ਲੋਕਾਂ ਨੂੰ ਖਜੂਰ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਖਜੂਰਾਂ ਵਿੱਚ ਕਾਫ਼ੀ ਮਾਤਰਾ ਵਿੱਚ ਫਾਈਬਰ ਪਾਇਆ ਜਾਂਦਾ ਹੈ ਅਤੇ ਇਸਨੂੰ ਕੁਦਰਤੀ ਜੁਲਾਬ ਵੀ ਮੰਨਿਆ ਜਾਂਦਾ ਹੈ।
ਹੱਡੀਆਂ ਦੀ ਸਿਹਤ:ਖਜੂਰਾਂ ਕੈਲਸ਼ੀਅਮ ਦਾ ਇੱਕ ਵਧੀਆ ਸਰੋਤ ਹਨ, ਜੋ ਕਿ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਇਸ ਲਈ ਤੁਸੀਂ ਖਜੂਰ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ।
ਚਮੜੀ ਲਈ ਵਰਦਾਨ:ਖਜੂਰਾਂ 'ਚ ਵਿਟਾਮਿਨ ਬੀ5 ਜਾਂ ਪੈਂਟੋਥੈਨਿਕ ਐਸਿਡ ਪਾਇਆ ਜਾਂਦਾ ਹੈ, ਜੋ ਚਮੜੀ ਦੇ ਸੈੱਲਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਅਤੇ ਫ੍ਰੀ ਰੈਡੀਕਲਸ ਦੇ ਕਾਰਨ ਹੋਣ ਵਾਲੇ ਨੁਕਸਾਨ ਨੂੰ ਠੀਕ ਕਰ ਸਕਦਾ ਹੈ। ਇਸ 'ਚ ਮੌਜੂਦ ਕਈ ਐਂਟੀ-ਆਕਸੀਡੈਂਟ ਗੁਣ ਤੁਹਾਡੀ ਚਮੜੀ ਨੂੰ ਜਵਾਨ ਰੱਖਣ 'ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ, ਇਹ ਤੁਹਾਡੀ ਚਮੜੀ ਨੂੰ ਪੋਸ਼ਣ ਦਿੰਦੇ ਹਨ।