ਹੈਦਰਾਬਾਦ: ਹੀਮੋਫਿਲੀਆ ਇੱਕ ਦੁਰਲੱਭ ਅਤੇ ਗੰਭੀਰ ਖੂਨ ਸੰਬੰਧੀ ਵਿਗਾੜ ਹੈ। ਇਸ ਬਿਮਾਰੀ ਦਾ ਜੇਕਰ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਅਤੇ ਸਹੀ ਦੇਖਭਾਲ ਨਾ ਕੀਤੀ ਜਾਵੇ, ਤਾਂ ਪੀੜਤ ਦੀ ਮੌਤ ਦਾ ਖਤਰਾ ਵੱਧ ਸਕਦਾ ਹੈ। ਇਸ ਵਿਗਾੜ ਦਾ ਇਲਾਜ ਅਜੇ ਸੰਭਵ ਨਹੀਂ ਹੈ। ਇਸ ਲਈ ਇਸ ਵਿਗਾੜ ਤੋਂ ਪੀੜਤ ਲੋਕਾਂ ਨੂੰ ਜੀਵਨ ਭਰ ਆਪਣੀ ਸਿਹਤ ਦੀ ਵਧੇਰੇ ਦੇਖਭਾਲ ਅਤੇ ਨਿਯਮਤ ਨਿਗਰਾਨੀ ਦੀ ਲੋੜ ਹੁੰਦੀ ਹੈ।
ਵਿਸ਼ਵ ਹੀਮੋਫੀਲੀਆ ਦਿਵਸ ਦਾ ਉਦੇਸ਼: ਹੀਮੋਫੀਲੀਆ ਇੱਕ ਦੁਰਲੱਭ ਬਿਮਾਰੀ ਹੈ। ਇਸ ਬਾਰੇ ਆਮ ਲੋਕਾਂ ਵਿੱਚ ਅਜੇ ਵੀ ਜਾਗਰੂਕਤਾ ਦੀ ਘਾਟ ਹੈ। ਵਿਸ਼ਵ ਹੀਮੋਫੀਲੀਆ ਦਿਵਸ ਹਰ ਸਾਲ 17 ਅਪ੍ਰੈਲ ਨੂੰ ਖੂਨ ਸੰਬੰਧੀ ਵਿਗਾੜ ਬਾਰੇ ਜਾਗਰੂਕਤਾ ਵਧਾਉਣ ਅਤੇ ਇਸ ਦੇ ਇਲਾਜ ਨੂੰ ਹਰ ਮਰੀਜ਼ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ।
ਹੀਮੋਫਿਲਿਆ ਕੀ ਹੈ?: ਫੈਡਰੇਸ਼ਨ ਆਫ ਹੀਮੋਫਿਲੀਆ ਅਨੁਸਾਰ, ਹੀਮੋਫਿਲਿਆ ਇੱਕ ਦੁਰਲੱਭ ਅਤੇ ਗੰਭੀਰ ਬਿਮਾਰੀ ਹੈ, ਜਿਸ ਦਾ ਪੱਕਾ ਇਲਾਜ ਅਜੇ ਤੱਕ ਨਹੀਂ ਮਿਲਿਆ ਹੈ। ਇਹ ਰੋਗ ਔਰਤਾਂ ਦੇ ਮੁਕਾਬਲੇ ਮਰਦਾਂ ਵਿੱਚ ਜ਼ਿਆਦਾ ਦੇਖਿਆ ਜਾਂਦਾ ਹੈ। ਨੈਸ਼ਨਲ ਸੈਂਟਰ ਫਾਰ ਬਾਇਓਟੈਕਨਾਲੋਜੀ ਦੀ ਵੈੱਬਸਾਈਟ 'ਤੇ ਉਪਲਬਧ ਇੱਕ ਰਿਪੋਰਟ ਅਨੁਸਾਰ, ਭਾਰਤ ਵਿੱਚ ਹਰ 10,000 ਜਨਮਾਂ ਵਿੱਚੋਂ 1 (ਮਰਦ ਅਤੇ ਔਰਤ) ਹੀਮੋਫਿਲਿਆ ਤੋਂ ਪੀੜਤ ਹੁੰਦਾ ਹੈ।
ਪੁਰਾਣੀ ਦਿੱਲੀ ਦੇ ਰਿਟਾਇਰਡ ਫਿਜ਼ੀਸ਼ੀਅਨ ਡਾ: ਅਲੋਕ ਕੁਮਾਰ ਅਨੁਸਾਰ, ਹੀਮੋਫਿਲੀਆ ਇੱਕ ਖੂਨ ਵਹਿਣ ਵਾਲਾ ਵਿਕਾਰ ਹੈ। ਇਸ ਵਿੱਚ ਸੱਟ ਲੱਗਣ, ਸਰਜਰੀ ਜਾਂ ਕਿਸੇ ਹੋਰ ਕਾਰਨ ਪੀੜਤ ਦੇ ਸਰੀਰ ਵਿੱਚੋਂ ਵਗਦਾ ਖੂਨ ਜਲਦੀ ਬੰਦ ਨਹੀਂ ਹੁੰਦਾ। ਇਸ ਦੇ ਨਾਲ ਹੀ, ਇਸ ਸਮੱਸਿਆ ਦੀ ਗੰਭੀਰਤਾ ਵੱਧਣ ਦੇ ਨਾਲ ਹੀ ਸਰੀਰ ਦੇ ਵੱਖ-ਵੱਖ ਹਿੱਸਿਆਂ 'ਚ ਅੰਦਰੂਨੀ ਖੂਨ ਵਹਿਣ ਦੀ ਸਮੱਸਿਆ ਵੀ ਸ਼ੁਰੂ ਹੋ ਜਾਂਦੀ ਹੈ। ਜੇਕਰ ਅਜਿਹੇ ਵਿਅਕਤੀ ਦਾ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ, ਤਾਂ ਉਸ ਦੀ ਜਾਨ ਦਾ ਖਤਰਾ ਵੱਧ ਸਕਦਾ ਹੈ।
ਹੀਮੋਫਿਲੀਆ ਦੇ ਕਾਰਨ ਅਤੇ ਲੱਛਣ: ਜ਼ਿਆਦਾਤਰ ਮਾਮਲਿਆਂ ਵਿੱਚ ਮਾਤਾ-ਪਿਤਾ ਤੋਂ ਵਿਰਾਸਤ ਵਿੱਚ ਮਿਲੇ ਖ਼ਾਨਦਾਨੀ ਜੀਨਾਂ ਨੂੰ ਹੀਮੋਫਿਲਿਆ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਅਜਿਹੇ ਲੋਕ ਆਮ ਤੌਰ 'ਤੇ ਇਸ ਬਿਮਾਰੀ ਨਾਲ ਪੈਦਾ ਹੁੰਦੇ ਹਨ। ਪਰ ਕੁਝ ਮਾਮਲਿਆਂ ਵਿੱਚ ਇਹ ਰੋਗ ਜਨਮ ਤੋਂ ਬਾਅਦ ਜੈਨੇਟਿਕ ਵਿਕਾਰ ਕਾਰਨ ਵੀ ਹੋ ਸਕਦਾ ਹੈ। ਇਨ੍ਹਾਂ ਸਥਿਤੀਆਂ ਨੂੰ ਸਪੋਰਾਡਿਕ ਹੀਮੋਫਿਲਿਆ ਵੀ ਕਿਹਾ ਜਾਂਦਾ ਹੈ।
ਕਈ ਵਾਰ ਜਨਮ ਤੋਂ ਬਾਅਦ ਆਟੋਇਮਿਊਨ ਡਿਸਆਰਡਰ, ਕੈਂਸਰ, ਮਲਟੀਪਲ ਸਕਲੇਰੋਸਿਸ, ਦਵਾਈਆਂ ਦੇ ਮਾੜੇ ਪ੍ਰਭਾਵਾਂ, ਗਰਭ ਅਵਸਥਾ ਦੇ ਦੌਰਾਨ ਕਲੋਟਿੰਗ ਫੈਕਟਰ ਪ੍ਰੋਟੀਨ ਪੈਦਾ ਕਰਨ ਵਾਲੇ ਜੀਨ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੰਦੇ ਹਨ, ਜਿਸ ਨਾਲ ਇਹ ਬਿਮਾਰੀ ਹੋ ਸਕਦੀ ਹੈ। ਹਾਲਾਂਕਿ, ਅਜਿਹੇ ਮਾਮਲੇ ਬਹੁਤ ਘੱਟ ਗਿਣਤੀ 'ਚ ਦੇਖਣ ਨੂੰ ਮਿਲਦੇ ਹਨ। ਅੰਕੜਿਆਂ ਅਨੁਸਾਰ, ਕੁੱਲ ਪੀੜਤਾਂ ਵਿੱਚੋਂ ਸਿਰਫ 30% ਅਜਿਹੇ ਲੋਕ ਹਨ, ਜਿਨ੍ਹਾਂ ਵਿੱਚ ਹੀਮੋਫਿਲੀਆ ਜੈਨੇਟਿਕ ਕਾਰਨਾਂ ਕਰਕੇ ਨਹੀਂ ਹੈ।
ਕਾਰਨਾਂ ਦੇ ਆਧਾਰ 'ਤੇ ਹੀਮੋਫਿਲੀਆ ਦੀਆਂ ਕਈ ਵੱਖ-ਵੱਖ ਕਿਸਮਾਂ 'ਤੇ ਵਿਚਾਰ ਕੀਤਾ ਗਿਆ ਹੈ, ਪਰ ਇਨ੍ਹਾਂ ਵਿੱਚੋਂ ਹੀਮੋਫਿਲੀਆ ਕਿਸਮ ਏ ਅਤੇ ਹੀਮੋਫਿਲੀਆ ਕਿਸਮ ਬੀ ਦੇ ਮਾਮਲੇ ਵਧੇਰੇ ਆਮ ਹਨ। ਇਸ ਦੇ ਲੱਛਣਾਂ ਬਾਰੇ ਗੱਲ ਕਰੀਏ, ਤਾਂ ਫੈਡਰੇਸ਼ਨ ਆਫ ਹੀਮੋਫਿਲੀਆ ਦੁਆਰਾ ਦੱਸੇ ਗਏ ਹੀਮੋਫਿਲੀਆ ਦੇ ਕੁਝ ਵਿਸ਼ੇਸ਼ ਲੱਛਣ ਹੇਠ ਲਿਖੇ ਅਨੁਸਾਰ ਹਨ:
- ਕਿਸੇ ਦੁਰਘਟਨਾ ਜਾਂ ਸੱਟ ਤੋਂ ਬਾਅਦ ਲੰਬੇ ਸਮੇਂ ਤੱਕ ਜ਼ਖ਼ਮ ਵਿੱਚੋਂ ਲਗਾਤਾਰ ਖੂਨ ਵਗਣਾ
- ਵਾਰ-ਵਾਰ ਨੱਕ 'ਚੋ ਖੂਨ ਵਗਣਾ
- ਮਸੂੜਿਆਂ ਵਿੱਚੋਂ ਖੂਨ ਵਗਣਾ ਅਤੇ ਦੰਦ ਕਢਵਾਉਣ ਤੋਂ ਬਾਅਦ ਜਾਂ ਕਿਸੇ ਵੀ ਕਿਸਮ ਦੀ ਸਰਜਰੀ ਤੋਂ ਬਾਅਦ ਖੂਨ ਨਿਕਲਣ ਨੂੰ ਰੋਕਣ ਵਿੱਚ ਦੇਰੀ।
- ਚਮੜੀ ਦੇ ਹੇਠਾਂ ਖੂਨ ਨਿਕਲਣਾ।
- ਟੀਕਾ ਲਗਾਉਣ ਤੋਂ ਬਾਅਦ ਖੂਨ ਨਿਕਲਣਾ।
- ਉਲਟੀ, ਟੱਟੀ ਜਾਂ ਪਿਸ਼ਾਬ ਵਿੱਚ ਖੂਨ ਦਾ ਆਉਣਾ।
- ਮਾਸਪੇਸ਼ੀਆਂ ਜਾਂ ਜੋੜਾਂ ਵਿੱਚ ਖੂਨ ਵਗਣਾ।
ਇਲਾਜ: ਹੀਮੋਫਿਲਿਆ ਜੀਵਨ ਭਰ ਦਾ ਰੋਗ ਹੈ, ਜਿਸਦਾ ਸਥਾਈ ਇਲਾਜ ਅਜੇ ਸੰਭਵ ਨਹੀਂ ਹੈ, ਪਰ ਇਸ ਨੂੰ ਦਵਾਈਆਂ ਅਤੇ ਕੁਝ ਥੈਰੇਪੀ ਦੀ ਮਦਦ ਨਾਲ ਕਾਬੂ ਕੀਤਾ ਜਾ ਸਕਦਾ ਹੈ। ਡਾ: ਅਲੋਕ ਕੁਮਾਰ ਦੱਸਦੇ ਹਨ ਕਿ ਇਸ ਵਿਕਾਰ ਦੇ ਪ੍ਰਭਾਵਾਂ ਨੂੰ ਕਾਬੂ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਪੀੜਤ ਨੂੰ ਦਵਾਈਆਂ ਅਤੇ ਥੈਰੇਪੀ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸਦੇ ਨਾਲ ਹੀ, ਡਾਕਟਰ ਦੀ ਸਲਾਹ ਤੋਂ ਬਿਨ੍ਹਾਂ ਦਵਾਈ ਜਾਂ ਥੈਰੇਪੀ ਬੰਦ ਨਾ ਕਰੋ। ਹਮੇਸ਼ਾ ਆਪਣੀ ਸਿਹਤ 'ਤੇ ਨਜ਼ਰ ਰੱਖੋ ਅਤੇ ਛੋਟੀਆਂ-ਮੋਟੀਆਂ ਸਮੱਸਿਆਵਾਂ ਹੋਣ 'ਤੇ ਵੀ ਡਾਕਟਰ ਨਾਲ ਸੰਪਰਕ ਕਰੋ। ਇਸ ਦੇ ਨਾਲ ਹੀ ਜਿਨ੍ਹਾਂ ਮਾਪਿਆਂ ਨੂੰ ਹੀਮੋਫਿਲੀਆ ਜਾਂ ਕੋਈ ਹੋਰ ਵਿਗਾੜ ਹੈ, ਉਨ੍ਹਾਂ ਨੂੰ ਬੱਚੇ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਹੀਮੋਫਿਲੀਆ ਤੋਂ ਪੀੜਤ ਲੋਕਾਂ ਲਈ ਨਿਯਮਤ ਸਿਹਤ ਜਾਂਚ ਦੇ ਨਾਲ-ਨਾਲ ਕੁਝ ਸਾਵਧਾਨੀਆਂ ਦਾ ਪਾਲਣ ਕਰਨਾ ਵੀ ਬਹੁਤ ਜ਼ਰੂਰੀ ਹੈ, ਜਿਨ੍ਹਾਂ ਵਿੱਚੋਂ ਕੁਝ ਹੇਠ ਲਿਖੇ ਅਨੁਸਾਰ ਹਨ:-
- ਕਿਸੇ ਵੀ ਕਿਸਮ ਦੀ ਦਵਾਈ ਲੈਣ ਤੋਂ ਪਹਿਲਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ ਅਤੇ ਹਮੇਸ਼ਾ ਇਸ ਬਾਰੇ ਜਾਣਕਾਰੀ ਰੱਖੋ ਕਿ ਕਿਹੜੀਆਂ ਦਵਾਈਆਂ ਹੀਮੋਫਿਲੀਆ ਤੋਂ ਪੀੜਿਤ ਲੋਕਾਂ ਲਈ ਨੁਕਸਾਨਦੇਹ ਹੋ ਸਕਦੀਆਂ ਹਨ।
- ਆਪਣਾ ਪਛਾਣ ਪੱਤਰ ਅਤੇ ਬਲੱਡ ਗਰੁੱਪ ਨਾਲ ਸਬੰਧਤ ਜਾਣਕਾਰੀ ਹਮੇਸ਼ਾ ਆਪਣੇ ਕੋਲ੍ਹ ਰੱਖੋ।
- ਕਿਸੇ ਵੀ ਤਰ੍ਹਾਂ ਦੀ ਸਰੀਰਕ ਗਤੀਵਿਧੀ ਅਤੇ ਯਾਤਰਾ ਦੌਰਾਨ ਸਾਵਧਾਨੀ ਵਰਤੋ।
- ਹੈਪੇਟਾਈਟਸ ਏ ਅਤੇ ਬੀ ਦੇ ਵਿਰੁੱਧ ਟੀਕਾਕਰਨ ਕਰਨਾ ਯਕੀਨੀ ਬਣਾਓ।
- ਕਿਸੇ ਵੀ ਕਿਸਮ ਦੀ ਬਿਮਾਰੀ, ਖਾਸ ਤੌਰ 'ਤੇ ਖੂਨ ਨਾਲ ਸਬੰਧਤ ਲਾਗਾਂ ਤੋਂ ਬਚਣ ਲਈ ਸਾਵਧਾਨੀ ਵਰਤੋ।
- ਹੀਮੋਫਿਲੀਆ ਤੋਂ ਪੀੜਤ ਲੋਕ ਹਮੇਸ਼ਾ ਆਪਣੇ ਡਾਕਟਰ ਦੇ ਸੰਪਰਕ ਵਿੱਚ ਰਹਿਣ, ਆਪਣੀ ਸਿਹਤ ਦੀ ਨਿਯਮਤ ਨਿਗਰਾਨੀ ਰੱਖਣ, ਇਲਾਜ, ਦਵਾਈਆਂ ਅਤੇ ਸਾਵਧਾਨੀਆਂ ਦੀ ਪਾਲਣਾ ਕਰਨ।