ਹੈਦਰਾਬਾਦ:ਅੱਜ ਦੇ ਡਿਜੀਟਲ ਯੁੱਗ ਵਿੱਚ ਲੋਕ ਸਮਾਜਿਕ ਤੌਰ 'ਤੇ ਅਲੱਗ-ਥਲੱਗ ਹੁੰਦੇ ਜਾ ਰਹੇ ਹਨ। ਇਸ ਕਾਰਨ ਜ਼ਿਆਦਾਤਰ ਲੋਕ ਇਕੱਲੇਪਣ ਦਾ ਸ਼ਿਕਾਰ ਹੋ ਰਹੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਸਕ੍ਰੀਨ ਟਾਈਮ ਹੈ। ਜੀ ਹਾਂ... ਅੱਜ ਦੇ ਸਮੇਂ 'ਚ ਲੋਕ ਮੋਬਾਈਲ, ਲੈਪਟਾਪ ਅਤੇ ਹੋਰ ਡਿਜੀਟਲ ਪਲੇਟਫਾਰਮਾਂ 'ਤੇ ਇੰਨਾ ਜ਼ਿਆਦਾ ਸਮਾਂ ਬਿਤਾਉਂਦੇ ਹਨ ਕਿ ਉਹ ਹੋਰਨਾਂ ਲੋਕਾਂ ਨੂੰ ਮਿਲਣਾ, ਗੱਲਬਾਤ ਕਰਨਾ ਅਤੇ ਸਮਾਜਿਕ ਹੋਣਾ ਛੱਡ ਰਹੇ ਹਨ। ਖਾਸ ਕਰਕੇ ਨੌਜਵਾਨਾਂ ਵਿੱਚ ਇਹ ਸਮੱਸਿਆ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ।
ਆਕਸਫੋਰਡ ਅਕੈਡਮੀ ਦੇ ਯੂਰਪੀਅਨ ਜਰਨਲ ਆਫ ਪ੍ਰੀਵੈਂਟਿਵ ਕਾਰਡੀਓਲੋਜੀ ਵਿੱਚ ਪ੍ਰਕਾਸ਼ਿਤ ਇੱਕ ਤਾਜ਼ਾ ਰਿਪੋਰਟ ਅਨੁਸਾਰ, ਇਕੱਲੇਪਣ ਅਤੇ ਸਮਾਜਿਕ ਅਲੱਗ-ਥਲੱਗ ਹੋਣ ਕਾਰਨ ਲੋਕਾਂ ਵਿੱਚ ਕਾਰਡੀਓਵੈਸਕੁਲਰ ਬਿਮਾਰੀਆਂ ਦਾ ਖ਼ਤਰਾ ਵੱਧ ਰਿਹਾ ਹੈ। ਇਸ ਖੋਜ ਦਾ ਹਵਾਲਾ ਦਿੰਦੇ ਹੋਏ ਹੈਦਰਾਬਾਦ ਅਪੋਲੋ ਹਸਪਤਾਲ ਦੇ ਨਿਊਰੋਲੋਜਿਸਟ ਸੁਧੀਰ ਕੁਮਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਸ਼ੇਅਰ ਕਰਦੇ ਹੋਏ ਕਿਹਾ ਹੈ ਕਿ ਇਕੱਲਾ ਮਹਿਸੂਸ ਕਰਨਾ ਕਾਰਡੀਓਵੈਸਕੁਲਰ ਬਿਮਾਰੀਆਂ ਦੇ ਵਧੇ ਹੋਏ ਖਤਰੇ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਲਿਖਿਆ ਕਿ ਦਿਲ ਦਾ ਦੌਰਾ ਜਾਂ ਸਟ੍ਰੋਕ ਦੀ ਘਟਨਾ ਦੀ ਦਰ ਉਨ੍ਹਾਂ ਲੋਕਾਂ ਵਿੱਚ 27 ਫੀਸਦੀ ਵੱਧ ਪਾਈ ਗਈ ਹੈ ਜਿਨ੍ਹਾਂ ਨੇ 6 ਸਾਲਾਂ ਦੇ ਅਧਿਐਨ ਦੀ ਮਿਆਦ ਦੇ ਦੌਰਾਨ ਘੱਟੋ ਘੱਟ ਇੱਕ ਵਾਰ ਇਕੱਲਾਪਣ ਮਹਿਸੂਸ ਕੀਤਾ।