ਹੈਦਰਾਬਾਦ: ਸ਼ੂਗਰ ਇੱਕ ਗੰਭੀਰ ਬੀਮਾਰੀ ਹੈ। ਇਹ ਬਿਮਾਰੀ ਦਿਮਾਗ ਸਮੇਤ ਸਰੀਰ ਦੇ ਵੱਖ-ਵੱਖ ਹਿੱਸਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਖੋਜਕਾਰ ਲੰਬੇ ਸਮੇਂ ਤੋਂ ਗੱਲ ਕਰ ਰਹੇ ਹਨ ਕਿ ਕਿਵੇਂ ਸ਼ੂਗਰ ਦੀ ਬਿਮਾਰੀ ਡਿਮੈਂਸ਼ੀਆ ਦਾ ਕਾਰਨ ਬਣ ਸਕਦੀ ਹੈ। ਇੱਕ ਤਾਜ਼ਾ ਅਧਿਐਨ ਵਿੱਚ ਇਸ ਗੱਲ ਦੀ ਕਾਫੀ ਹੱਦ ਤੱਕ ਪੁਸ਼ਟੀ ਹੋਈ ਹੈ। ਖੋਜ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਡਾਇਬਟੀਜ਼ ਟਾਈਪ-2 ਅਤੇ ਅਲਜ਼ਾਈਮਰ ਰੋਗ ਵਿੱਚ ਡੂੰਘਾ ਸਬੰਧ ਹੈ। ਜੇਕਰ ਤੁਹਾਨੂੰ ਛੋਟੀ ਉਮਰ ਵਿੱਚ ਡਾਇਬਟੀਜ਼ ਹੈ, ਤਾਂ ਤੁਹਾਡੇ ਅਲਜ਼ਾਈਮਰ ਰੋਗ ਤੋਂ ਪੀੜਤ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਸ਼ੂਗਰ ਅਤੇ ਅਲਜ਼ਾਈਮਰ ਰੋਗ ਵਿਚਕਾਰ ਸਬੰਧ:ਇਸ ਬਾਰੇ ਇੱਕ ਅਧਿਐਨ ਕੀਤਾ ਗਿਆ ਹੈ, ਜਿਸ 'ਚ ਖੁਲਾਸਾ ਹੋਇਆ ਹੈ ਕਿ ਅਲਜ਼ਾਈਮਰ ਦੇ 81 ਫੀਸਦੀ ਮਰੀਜ਼ਾਂ ਵਿੱਚ ਡਾਇਬਟੀਜ਼ ਟਾਈਪ-2 ਦੇ ਲੱਛਣ ਪਾਏ ਗਏ ਹਨ। ਟੈਕਸਾਸ ਏ.ਐਂਡ.ਐਮ ਯੂਨੀਵਰਸਿਟੀ ਵੱਲੋ ਕੀਤੀਆਂ ਗਈਆਂ ਸ਼ੁਰੂਆਤੀ ਖੋਜਾਂ ਵਿੱਚ ਪਾਇਆ ਗਿਆ ਹੈ ਕਿ ਸ਼ੂਗਰ ਅਤੇ ਅਲਜ਼ਾਈਮਰ ਰੋਗ ਵਿਚਕਾਰ ਸਬੰਧ ਅੰਤੜੀ ਵਿੱਚ ਪਾਏ ਜਾਣ ਵਾਲੇ ਇੱਕ ਪ੍ਰੋਟੀਨ ਕਾਰਨ ਹੈ। ਇਹ ਅਧਿਐਨ ਰਿਪੋਰਟ ਅਮਰੀਕਨ ਸੋਸਾਇਟੀ ਫਾਰ ਬਾਇਓਕੈਮਿਸਟਰੀ ਐਂਡ ਮੋਲੇਕਿਊਲਰ ਬਾਇਓਲੋਜੀ ਵਿੱਚ ਵੀ ਪੇਸ਼ ਕੀਤਾ ਗਿਆ ਹੈ। ਖੋਜਕਾਰਾਂ ਨੇ ਆਪਣੇ ਪ੍ਰਯੋਗਾਂ ਵਿੱਚ ਚੂਹਿਆਂ ਦੀ ਵਰਤੋਂ ਕਰਕੇ ਲਿੰਕ ਦੀ ਜਾਂਚ ਕੀਤੀ ਹੈ। ਹਾਲਾਂਕਿ, ਖੋਜਾਂ ਨੂੰ ਅਜੇ ਪ੍ਰਕਾਸ਼ਿਤ ਨਹੀਂ ਕੀਤਾ ਗਿਆ ਹੈ। ਵਿਗਿਆਨੀਆਂ ਨੇ ਦੱਸਿਆ ਹੈ, "JAK-3 ਪ੍ਰੋਟੀਨ ਤੋਂ ਬਿਨਾਂ ਚੂਹਿਆਂ ਵਿੱਚ ਸੋਜਸ਼ ਦੇਖੀ ਗਈ ਹੈ। ਸੋਜ ਪਹਿਲਾਂ ਅੰਤੜੀਆਂ ਤੋਂ ਸ਼ੁਰੂ ਹੁੰਦੀ ਹੈ ਅਤੇ ਫਿਰ ਇਹ ਜਿਗਰ ਤੱਕ ਜਾਂਦੀ ਹੈ। ਜਿਗਰ ਤੋਂ ਬਾਅਦ ਇਹ ਦਿਮਾਗ ਵੱਲ ਜਾਂਦੀ ਹੈ, ਜਿਸ ਕਾਰਨ ਅਲਜ਼ਾਈਮਰ ਦੇ ਲੱਛਣ ਪੈਦਾ ਹੋਣ ਲੱਗਦੇ ਹਨ।"
ਹਾਲਾਂਕਿ, ਖੋਜਕਾਰਾਂ ਦਾ ਕਹਿਣਾ ਹੈ ਕਿ ਤੁਸੀਂ ਆਪਣੀ ਜੀਵਨ ਸ਼ੈਲੀ ਵਿੱਚ ਬਦਲਾਅ ਕਰਕੇ ਇਸ ਬਿਮਾਰੀ ਦੇ ਖਤਰੇ ਨੂੰ ਘੱਟ ਕਰ ਸਕਦੇ ਹੋ। ਦੱਸ ਦਈਏ ਕਿ ਖੂਨ ਵਿੱਚ ਸ਼ੂਗਰ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਹ ਬਿਮਾਰੀ ਹੁੰਦੀ ਹੈ। ਡਾ: ਅਨੂਪ ਮਿਸ਼ਰਾ ਦਾ ਕਹਿਣਾ ਹੈ ਕਿ ਅੰਗਾਂ ਦਾ ਫੇਲ੍ਹ ਹੋਣਾ ਸ਼ੂਗਰ ਦੀ ਪਛਾਣ ਹੈ, ਕਿਉਂਕਿ ਸ਼ੂਗਰ ਦੀ ਬਿਮਾਰੀ ਸਰੀਰ ਦੇ ਸਾਰੇ ਅੰਗਾਂ ਨੂੰ ਪ੍ਰਭਾਵਿਤ ਕਰਦੀ ਹੈ। ਡਾਕਟਰ ਮਿਸ਼ਰਾ ਅਨੁਸਾਰ, ਜੇਕਰ ਸ਼ੂਗਰ ਕੰਟਰੋਲ 'ਚ ਨਹੀਂ ਰਹਿੰਦੀ, ਤਾਂ ਇਹ ਤੁਹਾਡੇ ਸਰੀਰ ਦੇ ਵੱਖ-ਵੱਖ ਹਿੱਸਿਆਂ 'ਤੇ ਅਸਰ ਪਾਉਂਦੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸ਼ੂਗਰ ਦੀ ਬਿਮਾਰੀ ਖੂਨ ਦੀਆਂ ਨਾੜੀਆਂ ਨੂੰ ਬਲਾਕ ਕਰਨ ਲਈ ਜਾਣੀ ਜਾਂਦੀ ਹੈ। ਇਸ ਲਈ ਦਿਮਾਗ ਤੱਕ ਖੂਨ ਪਹੁੰਚਣ ਵਿੱਚ ਮੁਸ਼ਕਲ ਹੋ ਜਾਂਦੀ ਹੈ ਅਤੇ ਜਦੋਂ ਇਹ ਪ੍ਰਕਿਰਿਆ ਲੰਬੇ ਸਮੇਂ ਤੱਕ ਹੁੰਦੀ ਹੈ, ਤਾਂ ਇਹ ਬਿਮਾਰੀ ਦਿਮਾਗ ਦੇ ਕੁਝ ਹਿੱਸਿਆਂ ਨੂੰ ਪ੍ਰਭਾਵਿਤ ਕਰਦੀ ਹੈ।