ਹੈਦਰਾਬਾਦ: ਭੋਜਨ, ਪਾਣੀ ਅਤੇ ਸਾਹ ਲੈਣ ਦੇ ਨਾਲ-ਨਾਲ ਨੀਂਦ ਵੀ ਬਹੁਤ ਜ਼ਰੂਰੀ ਹੈ। ਜੇਕਰ ਅਸੀਂ ਪੂਰੀ ਨੀਂਦ ਨਹੀਂ ਲੈਂਦੇ ਹਾਂ, ਤਾਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਡਾਕਟਰਾਂ ਅਨੁਸਾਰ, ਵਿਅਕਤੀ ਨੂੰ ਹਰ ਰੋਜ਼ ਲੋੜੀਂਦੀ ਨੀਂਦ ਲੈਣੀ ਚਾਹੀਦੀ ਹੈ, ਜਿਸ ਨਾਲ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਲਾਭ ਹੋਵੇਗਾ। ਪਰ ਹਰ ਵਿਅਕਤੀ ਦੇ ਮਨ 'ਚ ਇਹ ਸਵਾਲ ਹੁੰਦਾ ਹੈ ਕਿ ਕਿੰਨੇ ਘੰਟੇ ਨੀਂਦ ਲੈਣੀ ਚਾਹੀਦੀ ਹੈ?
ਨੀਂਦ ਪੂਰੀ ਨਾ ਹੋਣ ਦੇ ਨੁਕਸਾਨ: ਜੇਕਰ ਨੀਂਦ ਪੂਰੀ ਨਾ ਹੋਵੇ, ਤਾਂ ਤੁਹਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਡਾਕਟਰਾਂ ਅਨੁਸਾਰ, ਜੇਕਰ ਕੋਈ ਵਿਅਕਤੀ ਪੂਰੀ ਨੀਂਦ ਨਹੀਂ ਲੈਂਦਾ, ਤਾਂ ਉਹ ਸ਼ੂਗਰ ਦਾ ਸ਼ਿਕਾਰ ਹੋ ਸਕਦਾ ਹੈ। ਇਸ ਤੋਂ ਇਲਾਵਾ, ਔਰਤਾਂ ਵਿੱਚ ਘੱਟ ਨੀਂਦ ਲੈਣ ਨਾਲ ਛਾਤੀ ਦੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ।
ਘੱਟ ਨੀਂਦ ਲੈਣ ਨਾਲ ਸਰੀਰ ਦੇ ਹੋਰ ਸੈੱਲਾਂ 'ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਜੇਕਰ ਤੁਸੀਂ ਪੂਰੀ ਨੀਂਦ ਨਹੀਂ ਲੈਂਦੇ ਹੋ, ਤਾਂ ਸਰੀਰ 'ਚ ਮਿਨਰਲਸ ਦਾ ਸੰਤੁਲਨ ਵਿਗੜਨਾ ਸ਼ੁਰੂ ਹੋ ਜਾਂਦਾ ਹੈ ਅਤੇ ਹੱਡੀਆਂ ਵੀ ਹੌਲੀ-ਹੌਲੀ ਕਮਜ਼ੋਰ ਹੋਣ ਲੱਗਦੀਆਂ ਹਨ। ਨੀਂਦ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਸੌਂਦੇ ਸਮੇਂ ਸਾਡਾ ਸਰੀਰ ਜ਼ਹਿਰੀਲੇ ਤੱਤਾਂ ਨੂੰ ਸਾਫ਼ ਕਰਦਾ ਹੈ ਅਤੇ ਆਪਣੇ ਆਪ ਨੂੰ ਠੀਕ ਕਰਦਾ ਹੈ। ਪਰ ਜਦੋਂ ਅਸੀਂ ਪੂਰੀ ਨੀਂਦ ਨਹੀਂ ਲੈਂਦੇ ਹਾਂ, ਤਾਂ ਇਹ ਸਾਫ਼ ਨਹੀਂ ਹੁੰਦਾ ਅਤੇ ਦਿਲ ਦੀ ਬਿਮਾਰੀ ਦਾ ਖ਼ਤਰਾ ਵੱਧ ਜਾਂਦਾ ਹੈ।
ਕਿਸ ਉਮਰ ਦੇ ਲੋਕਾਂ ਲਈ ਕਿੰਨੀ ਨੀਂਦ ਜ਼ਰੂਰੀ:ਨੈਸ਼ਨਲ ਸਲੀਪ ਫਾਊਂਡੇਸ਼ਨ ਦੁਆਰਾ ਜਾਰੀ ਕੀਤੀ ਗਈ ਇੱਕ ਰਿਪੋਰਟ ਅਨੁਸਾਰ, 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਲਗਭਗ 7-8 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ। ਹਾਲਾਂਕਿ, ਇਹ ਲੋਕ ਇਸ ਤੋਂ ਥੋੜ੍ਹੀ ਘੱਟ ਨੀਂਦ ਵੀ ਲੈ ਸਕਦੇ ਹਨ ਯਾਨੀ 5 ਤੋਂ 6 ਘੰਟੇ ਵੀ ਸੌਂ ਸਕਦੇ ਹਨ। ਇਸ ਤੋਂ ਇਲਾਵਾ, ਇਹ ਲੋਕ ਦੋ ਪੜਾਵਾਂ ਵਿੱਚ ਆਪਣੀ ਨੀਂਦ ਦਾ ਸਮਾਂ ਵੀ ਪੂਰਾ ਕਰ ਸਕਦੇ ਹਨ। ਇਸ ਲਈ ਨੀਂਦ ਨੂੰ ਦਿਨ ਅਤੇ ਰਾਤ ਦੇ ਆਧਾਰ 'ਤੇ ਵੰਡਿਆ ਜਾ ਸਕਦਾ ਹੈ।
ਰਿਪੋਰਟ ਅਨੁਸਾਰ, ਇਹ ਲੋਕ ਦਿਨ 'ਚ ਕਰੀਬ 2 ਘੰਟੇ ਅਤੇ ਰਾਤ ਨੂੰ 4 ਤੋਂ 5 ਘੰਟੇ ਤੱਕ ਸੌਂ ਸਕਦੇ ਹਨ। ਜਦਕਿ 18 ਤੋਂ 65 ਸਾਲ ਦੇ ਬਾਲਗਾਂ ਨੂੰ ਲਗਭਗ 7-8 ਘੰਟੇ ਦੀ ਨੀਂਦ ਦੀ ਲੋੜ ਹੁੰਦੀ ਹੈ। ਜੇਕਰ ਅਸੀਂ ਬੱਚਿਆਂ ਦੀ ਗੱਲ ਕਰੀਏ, ਤਾਂ ਬੱਚਿਆਂ ਨੂੰ ਵੱਡਿਆਂ ਦੇ ਮੁਕਾਬਲੇ ਸੌਣ ਲਈ ਜ਼ਿਆਦਾ ਸਮਾਂ ਚਾਹੀਦਾ ਹੈ।