ਹੈਦਰਾਬਾਦ: ਸਰੀਰ ਨੂੰ ਸਿਹਤਮੰਦ ਰੱਖਣ ਲਈ ਦਿਮਾਗ ਦਾ ਵੀ ਸਿਹਤਮੰਦ ਹੋਣਾ ਜ਼ਰੂਰੀ ਹੈ। ਦਿਮਾਗ ਨਾਲ ਜੁੜੀਆਂ ਸਮੱਸਿਆਵਾਂ ਕਾਰਨ ਸਰੀਰ ਦੇ ਵੀ ਕਈ ਅੰਗ ਪ੍ਰਭਾਵਿਤ ਹੁੰਦੇ ਹਨ। ਇਸ ਲਈ ਦਿਮਾਗ ਦੀ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਦਿਮਾਗ ਨੂੰ ਸਿਹਤਮੰਦ ਰੱਖਣ ਲਈ WHO ਨੇ ਕੁਝ ਸੁਝਾਅ ਦਿੱਤੇ ਹਨ, ਜਿਨ੍ਹਾਂ ਨੂੰ ਫਾਲੋ ਕਰਕੇ ਤੁਸੀਂ ਦਿਮਾਗ ਅਤੇ ਖੁਦ ਨੂੰ ਸਿਹਤਮੰਦ ਰੱਖ ਸਕਦੇ ਹੋ।
ਦਿਮਾਗ ਨੂੰ ਸਿਹਤਮੰਦ ਰੱਖਣ ਲਈ WHO ਨੇ ਦਿੱਤੇ ਸੁਝਾਅ:
ਸਰੀਰਕ ਤੌਰ 'ਤੇ ਐਕਟਿਵ ਰਹੋ: ਦਿਮਾਗ ਨੂੰ ਸਿਹਤਮੰਦ ਰੱਖਣ ਲਈ ਤੁਹਾਡਾ ਖੁਦ ਦਾ ਸਰੀਰਕ ਤੌਰ 'ਤੇ ਐਕਟਿਵ ਹੋਣਾ ਜ਼ਰੂਰੀ ਹੈ। ਇਸ ਲਈ ਤੁਸੀਂ ਰੋਜ਼ਾਨਾ ਸਰੀਰਕ ਕਸਰਤ ਕਰ ਸਕਦੇ ਹੋ। ਸਰੀਰਕ ਕਸਰਤ ਕਰਨ ਨਾਲ ਸੋਚ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ ਅਤੇ ਚਿੰਤਾ ਨੂੰ ਵੀ ਘੱਟ ਕਰਨ 'ਚ ਮਦਦ ਮਿਲਦੀ ਹੈ। ਇਸਦੇ ਨਾਲ ਹੀ, ਤੁਸੀਂ ਬਿਹਤਰ ਨੀਂਦ ਵੀ ਲੈ ਸਕਦੇ ਹੋ।
ਸਿਹਤਮੰਦ ਖੁਰਾਕ ਖਾਓ:ਖੁਦ ਨੂੰਸਿਹਤਮੰਦ ਰੱਖਣ ਲਈ ਖੁਰਾਕ ਦੀ ਅਹਿਮ ਭੂਮਿਕਾ ਹੁੰਦੀ ਹੈ। ਖੁਰਾਕ ਸਿਰਫ਼ ਸਿਹਤ ਲਈ ਹੀ ਨਹੀਂ, ਸਗੋਂ ਦਿਮਾਗ ਲਈ ਵੀ ਫਾਇਦੇਮੰਦ ਹੋ ਸਕਦੀ ਹੈ।ਦਿਮਾਗ ਨੂੰ ਤੇਜ਼ ਰੱਖਣ ਲਈ ਸਿਹਤਮੰਦ ਖੁਰਾਕ ਖਾਓ। ਇਸ ਲਈ ਤੁਸੀਂ ਵਿਟਾਮਿਨ, ਮਿਨਰਲ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਖੁਰਾਕ ਨੂੰ ਆਪਣੀ ਜੀਵਨਸ਼ੈਲੀ ਦਾ ਹਿੱਸਾ ਬਣਾ ਸਕਦੇ ਹੋ।
ਭਰਪੂਰ ਮਾਤਰਾ 'ਚ ਨੀਂਦ ਲਓ: ਦਿਮਾਗ ਨੂੰ ਤੇਜ਼ ਬਣਾਉਣ ਲਈ ਭਰਪੂਰ ਮਾਤਰਾ 'ਚ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਕਈ ਲੋਕ ਰਾਤ ਨੂੰ ਫੋਨ 'ਤੇ ਲੱਗੇ ਰਹਿੰਦੇ ਹਨ, ਜਿਸ ਕਰਕੇ ਨੀਂਦ ਪ੍ਰਭਾਵਿਤ ਹੋ ਜਾਂਦੀ ਹੈ। ਨੀਂਦ ਦੀ ਕਮੀ ਕਾਰਨ ਤੁਸੀਂ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ। ਇਸਦੇ ਨਾਲ ਹੀ, ਦਿਮਾਗ 'ਤੇ ਵੀ ਅਸਰ ਪੈਂਦਾ ਹੈ। ਇਸ ਲਈ ਤੁਹਾਨੂੰ 7-8 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ।
ਦਿਲ ਦੀ ਸਿਹਤ ਦਾ ਧਿਆਨ ਰੱਖੋ: ਦਿਮਾਗ ਨੂੰ ਸਿਹਤਮੰਦ ਰੱਖਣ ਲਈ ਦਿਲ ਦਾ ਵੀ ਸਿਹਤਮੰਦ ਹੋਣਾ ਜ਼ਰੂਰੀ ਹੈ। ਜੇਕਰ ਦਿਲ ਠੀਕ ਤਰ੍ਹਾਂ ਨਾਲ ਪੰਪ ਨਹੀਂ ਕਰ ਪਾ ਰਿਹਾ ਜਾਂ ਦਿਮਾਗ ਤੱਕ ਜਾਣ ਵਾਲੀਆਂ ਖੂਨ ਦੀਆਂ ਨਾੜੀਆਂ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੀਆਂ ਹਨ, ਤਾਂ ਦਿਮਾਗ ਨੂੰ ਕੰਮ ਕਰਨ ਲਈ ਭੋਜਨ ਅਤੇ ਊਰਜਾ ਨਹੀਂ ਮਿਲ ਪਾਵੇਗੀ।
ਹੈਲਮੇਟ ਪਹਿਨੋ: ਅੱਜ ਕੱਲ੍ਹ ਲੋਕ ਹਾਦਸਿਆਂ ਦਾ ਵੀ ਲਗਾਤਾਰ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਹਾਦਸਿਆਂ ਪਿੱਛੇ ਜ਼ਿਆਦਾਤਰ ਹੈਲਮੇਟ ਨਾ ਪਹਿਣਨ ਵਰਗੇ ਕਾਰਨ ਜ਼ਿੰਮੇਵਾਰ ਹੁੰਦੇ ਹਨ। ਹੈਲਮੇਟ ਨਾ ਪਹਿਣਨ ਕਾਰਨ ਸਿਰ 'ਤੇ ਸੱਟ ਲੱਗਣ ਦਾ ਖਤਰਾ ਵੱਧ ਜਾਂਦਾ ਹੈ, ਜਿਸ ਕਰਕੇ ਦਿਮਾਗ ਦੀ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਲਈ ਹਮੇਸ਼ਾਂ ਬਾਹਰ ਜਾਂਦੇ ਸਮੇਂ ਹੈਲਮੇਟ ਪਹਿਣ ਕੇ ਰੱਖੋ।