ਹੈਦਰਾਬਾਦ: ਦੇਸ਼ ਭਰ ਵਿੱਚ ਗਰਮੀ ਪੈ ਰਹੀ ਹੈ। ਗਰਮੀ ਕਾਰਨ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਵੱਡੀ ਗਿਣਤੀ 'ਚ ਲੋਕ ਹੀਟ ਸਟ੍ਰੋਕ ਜਾਂ ਹੀਟ ਵੇਵ ਦਾ ਸ਼ਿਕਾਰ ਹੋ ਰਹੇ ਹਨ। ਗਰਮੀ ਦੀ ਲਪੇਟ 'ਚ ਆਉਣ ਤੋਂ ਬਾਅਦ ਜੇਕਰ ਤੁਸੀਂ ਲਾਪਰਵਾਹੀ ਨਾਲ ਕੰਮ ਕਰਦੇ ਹੋ, ਤਾਂ ਤੁਹਾਡੀ ਹਾਲਤ ਵੀ ਗੰਭੀਰ ਹੋ ਸਕਦੀ ਹੈ। ਗਰਮੀ ਦੀਆਂ ਲਹਿਰਾਂ ਦੇ ਪ੍ਰਭਾਵਾਂ ਨੂੰ ਘੱਟ ਕਰਨ ਅਤੇ ਹੀਟ ਸਟ੍ਰੋਕ ਕਾਰਨ ਹੋਣ ਵਾਲੀ ਗੰਭੀਰ ਬੀਮਾਰੀ ਜਾਂ ਮੌਤ ਨੂੰ ਰੋਕਣ ਲਈ ਤੁਹਾਨੂੰ ਕੁੱਝ ਗੱਲਾਂ ਵੱਲ ਧਿਆਨ ਚਾਹੀਦਾ ਹੈ।
ਹੀਟ ਸਟ੍ਰੋਕ ਦੌਰਾਨ ਤਰੁੰਤ ਪਾਣੀ ਪੀਣ ਦੀ ਗਲਤੀ ਨਾ ਕਰੋ: ਸਿਹਤ ਮੰਤਰਾਲੇ ਨੇ ਗਰਮੀ ਦੀ ਲਹਿਰ ਨੂੰ ਦੇਖਦੇ ਹੋਏ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਅਨੁਸਾਰ, ਭਰਪੂਰ ਪਾਣੀ ਪੀਓ ਅਤੇ ਦੁਪਹਿਰ ਨੂੰ ਬਾਹਰ ਜਾਣ ਤੋਂ ਬਚੋ। ਇਸ ਦੇ ਨਾਲ ਹੀ ਜੇਕਰ ਕੋਈ ਵਿਅਕਤੀ ਹੀਟ ਸਟ੍ਰੋਕ ਕਾਰਨ ਬੇਹੋਸ਼ ਹੋ ਜਾਵੇ, ਤਾਂ ਉਸ ਨੂੰ ਤੁਰੰਤ ਪਾਣੀ ਨਾ ਦਿਓ। ਇਸ ਕਾਰਨ ਪੇਟ ਵਿੱਚ ਪਾਣੀ ਦਾਖਲ ਹੋਣ ਦੀ ਬਜਾਏ ਫੇਫੜਿਆਂ ਵਿੱਚ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਨਿਮੋਨੀਆ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ।
ਇਸ ਤਰ੍ਹਾਂ ਕਰੋ ਬਚਾਅ:ਹੀਟ ਸਟ੍ਰੋਕ ਤੋਂ ਬਚਣ ਦੇ ਕੁਝ ਤਰੀਕੇ ਇਸ ਤਰ੍ਹਾਂ ਹਨ:-
- ਸਭ ਤੋਂ ਪਹਿਲਾਂ 12 ਵਜੇ ਤੋਂ 3 ਵਜੇ ਤੱਕ ਧੁੱਪ 'ਚ ਬਾਹਰ ਜਾਣ ਤੋਂ ਬਚੋ।
- ਸਰੀਰ 'ਚ ਪਾਣੀ ਦੀ ਕਮੀ ਨਾ ਹੋਣ ਦਿਓ ਅਤੇ ਖੂਬ ਪਾਣੀ ਪੀਓ।
- ਜੇਕਰ ਬਾਹਰ ਜਾਣਾ ਜ਼ਰੂਰੀ ਹੈ, ਤਾਂ ਆਪਣੇ ਨਾਲ ਛੱਤਰੀ, ਐਨਕਾਂ ਅਤੇ ਟੋਪੀ ਜ਼ਰੂਰ ਰੱਖੋ।
- ਬਾਹਰ ਜਾਂਦੇ ਸਮੇਂ ਆਪਣੇ ਬੈਗ 'ਚ ਪਾਣੀ ਦੀ ਬੋਤਲ ਅਤੇ ਨਿੰਬੂ ਪਾਣੀ ਜ਼ਰੂਰ ਰੱਖੋ।
- ਉੱਚ ਪ੍ਰੋਟੀਨ ਵਾਲੇ ਭੋਜਨ, ਕੌਫੀ, ਚਾਹ, ਸ਼ਰਾਬ ਜਾਂ ਕੋਲਡ ਡਰਿੰਕਸ ਦੇ ਨਾਲ ਬਾਸੀ ਭੋਜਨ ਤੋਂ ਪਰਹੇਜ਼ ਕਰੋ। ਤਲੇ ਹੋਏ ਅਤੇ ਮਸਾਲੇਦਾਰ ਭੋਜਨ ਤੋਂ ਵੀ ਪਰਹੇਜ਼ ਕਰਨਾ ਬਿਹਤਰ ਹੈ।
ਹੀਟ ਸਟ੍ਰੋਕ ਦੌਰਾਨ ਕੀ ਕਰਨਾ ਹੈ?:
- ਹੀਟ ਸਟ੍ਰੋਕ ਦੌਰਾਨ ਵਿਅਕਤੀ ਨੂੰ ਕਿਸੇ ਠੰਡੀ ਜਗ੍ਹਾ 'ਤੇ ਲਿਟਾ ਦਿਓ ਅਤੇ ਗਿੱਲੇ ਕੱਪੜੇ ਨਾਲ ਵਾਰ-ਵਾਰ ਉਸ ਵਿਅਕਤੀ ਦੇ ਸਰੀਰ ਨੂੰ ਪੂੰਝੋ ਅਤੇ ਸਿਰ 'ਤੇ ਪਾਣੀ ਪਾਓ।
- ਵਿਅਕਤੀ ਨੂੰ ਹਾਈਡਰੇਟ ਕਰਨ ਲਈ ORS ਜਾਂ ਨਿੰਬੂ ਪਾਣੀ ਦਿਓ।
- ਮਰੀਜ਼ ਦੇ ਪੈਰਾਂ ਨੂੰ ਪਾਣੀ ਨਾਲ ਪੂੰਝਿਆ ਜਾ ਸਕਦਾ ਹੈ।
- ਇਸ ਤੋਂ ਬਾਅਦ ਵੀ ਜੇਕਰ ਵਿਅਕਤੀ ਬੇਹੋਸ਼ ਜਾਂ ਬੀਮਾਰ ਮਹਿਸੂਸ ਕਰ ਰਿਹਾ ਹੈ, ਤਾਂ ਡਾਕਟਰ ਨਾਲ ਸੰਪਰਕ ਕਰੋ।
- ਡਾਕਟਰ ਦੀ ਸਲਾਹ 'ਤੇ ਉਸ ਨੂੰ ਤੁਰੰਤ ਨਜ਼ਦੀਕੀ ਸਿਹਤ ਕੇਂਦਰ 'ਚ ਲੈ ਕੇ ਜਾਓ ਅਤੇ ਲੋੜ ਪੈਣ 'ਤੇ ਹਸਪਤਾਲ 'ਚ ਦਾਖਲ ਕਰਵਾਓ।