ਹੈਦਰਾਬਾਦ:ਗਰਮੀਆਂ ਦੇ ਮੌਸਮ 'ਚ ਸਿਹਤਮੰਦ ਰਹਿਣ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਖੁਦ ਨੂੰ ਹਾਈਡ੍ਰੇਟ ਰੱਖਣਾ ਅਤੇ ਖਾਣ-ਪੀਣ ਵੱਲ ਧਿਆਨ ਦੇਣਾ ਹੈ। ਇਸ ਲਈ ਗਰਮੀਆਂ ਦੇ ਮੌਸਮ 'ਚ ਪਾਣੀ ਪੀਂਦੇ ਰਹੋ ਅਤੇ ਸਿਹਤਮੰਦ ਖੁਰਾਕ ਨੂੰ ਆਪਣੀ ਜੀਵਨਸ਼ੈਲੀ ਦਾ ਹਿੱਸਾ ਬਣਾਓ। ਅਜਿਹਾ ਕਰਕੇ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ। ਪਰ ਵਿਅਸਤ ਜੀਵਨਸ਼ੈਲੀ ਅਤੇ ਗਰਮੀ ਕਾਰਨ ਕਈ ਲੋਕ ਬਾਹਰ ਦਾ ਭੋਜਨ ਖਾਣ ਨੂੰ ਜ਼ਿਆਦਾ ਤਰਜ਼ੀਹ ਦਿੰਦੇ ਹਨ, ਜੋ ਕਿ ਨੁਕਸਾਨਦੇਹ ਹੋ ਸਕਦਾ ਹੈ। ਇਸ ਲਈ ਤੁਹਾਨੂੰ ਗਰਮੀਆਂ 'ਚ ਨੁਕਸਾਨ ਪਹੁੰਚਾਉਣ ਵਾਲੇ ਭੋਜਨਾਂ ਬਾਰੇ ਜਾਣਨਾ ਚਾਹੀਦਾ ਹੈ ਅਤੇ ਉਨ੍ਹਾਂ ਤੋਂ ਦੂਰੀ ਬਣਾ ਲੈਣੀ ਚਾਹੀਦੀ ਹੈ।
ਗਰਮੀਆਂ 'ਚ ਇਨ੍ਹਾਂ ਭੋਜਨਾਂ ਤੋਂ ਬਣਾਓ ਦੂਰੀ:
ਜੰਕ ਫੂਡ: ਜੰਕ ਫੂਡ ਸਿਹਤ ਲਈ ਨੁਕਸਾਨਦੇਹ ਹੁੰਦੇ ਹਨ। ਇਸ ਲਈ ਡਾਕਟਰ ਵੀ ਇਨ੍ਹਾਂ ਤੋਂ ਦੂਰੀ ਬਣਾਉਣ ਦੀ ਸਲਾਹ ਦਿੰਦੇ ਹਨ। ਗਰਮੀਆਂ ਵਿੱਚ ਤੁਹਾਨੂੰ ਜੰਕ ਫੂਡ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਸਮੋਸਾ, ਬਰਗਰ ਅਤੇ ਹੋਰ ਕਈ ਤਰ੍ਹਾਂ ਦੇ ਜੰਕ ਫੂਡ ਤੁਹਾਨੂੰ ਡੀਹਾਈਡ੍ਰੇਟ ਕਰ ਸਕਦੇ ਹਨ ਅਤੇ ਇਨ੍ਹਾਂ ਭੋਜਨਾਂ ਨੂੰ ਗਰਮੀਂ 'ਚ ਪਚਾਉਣਾ ਵੀ ਮੁਸ਼ਕਿਲ ਹੋ ਜਾਂਦਾ ਹੈ, ਜਿਸ ਕਾਰਨ ਤੁਹਾਡਾ ਪਾਚਨ ਵੀ ਖਰਾਬ ਹੋ ਸਕਦਾ ਹੈ।
ਜ਼ਿਆਦਾ ਲੂਣ: ਲੂਣ ਦਾ ਇਸਤੇਮਾਲ ਹਰ ਤਰ੍ਹਾਂ ਦੇ ਭੋਜਨ ਦਾ ਸਵਾਦ ਵਧਾਉਣ ਲਈ ਕੀਤਾ ਜਾਂਦਾ ਹੈ। ਪਰ ਜ਼ਿਆਦਾ ਲੂਣ ਨੁਕਸਾਨਦੇਹ ਹੋ ਸਕਦਾ ਹੈ। ਇਸ ਲਈ ਗਰਮੀਆਂ ਦੇ ਮੌਸਮ 'ਚ ਘੱਟ ਲੂਣ ਦਾ ਹੀ ਇਸਤੇਮਾਲ ਕਰੋ। ਡਾਈਟ 'ਚ ਜ਼ਿਆਦਾ ਲੂਣ ਸੋਜ, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਨਾਲ ਜੁੜੀਆਂ ਕਈ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਇਸ ਤੋਂ ਇਲਾਵਾ, ਕਿਡਨੀ ਖਰਾਬ ਹੋਣ ਦਾ ਵੀ ਖਤਰਾ ਰਹਿੰਦਾ ਹੈ।
ਮਸਾਲੇ: ਗਰਮੀਆਂ ਦੇ ਮੌਸਮ 'ਚ ਮਸਾਲੇਦਾਰ ਭੋਜਨਾਂ ਤੋਂ ਪਰਹੇਜ਼ ਕਰਨਾ ਬਿਹਤਰ ਹੈ। ਮਸਾਲੇਦਾਰ ਭੋਜਨ ਸਰੀਰ 'ਚ ਗਰਮੀ ਪੈਂਦਾ ਕਰਨ ਵਾਲੇ ਪਿਟਾ ਦੋਸ਼ 'ਤੇ ਮਾੜਾ ਅਸਰ ਪਾਉਂਦੇ ਹਨ, ਜਿਸ ਦੇ ਨਤੀਜੇ ਵਜੋਂ ਬਹੁਤ ਜ਼ਿਆਦਾ ਪਸੀਨਾ ਆਉਣਾ, ਚਮੜੀ 'ਤੇ ਫੋੜੇ ਅਤੇ ਡੀਹਾਈਡਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ।
ਚਾਹ ਅਤੇ ਕੌਫ਼ੀ: ਅੱਜ ਦੇ ਸਮੇਂ 'ਚ ਲੋਕ ਚਾਹ ਪੀਣਾ ਬਹੁਤ ਪਸੰਦ ਕਰਦੇ ਹਨ, ਪਰ ਗਰਮੀ ਦੇ ਮੌਸਮ 'ਚ ਚਾਹ ਦੇ ਨਾਲ-ਨਾਲ ਕੌਫ਼ੀ ਪੀਣਾ ਵੀ ਨੁਕਸਾਨਦੇਹ ਹੋ ਸਕਦਾ ਹੈ। ਇਸ ਨਾਲ ਸਰੀਰ ਦਾ ਤਾਪਮਾਨ ਵੱਧ ਸਕਦਾ ਹੈ ਅਤੇ ਪਾਚਨ ਤੰਤਰ ਵੀ ਖਰਾਬ ਹੋ ਜਾਂਦਾ ਹੈ। ਇਸ ਲਈ ਤੁਸੀਂ ਨਿੰਬੂ ਪਾਣੀ, ਅੰਬ ਦਾ ਰਸ ਅਤੇ ਲੱਸੀ ਆਦਿ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।
ਅਚਾਰ: ਕਈ ਲੋਕ ਰੋਟੀ ਅਤੇ ਸਬਜ਼ੀ ਦੇ ਨਾਲ ਅਚਾਰ ਖਾਣਾ ਪਸੰਦ ਕਰਦੇ ਹਨ, ਪਰ ਗਰਮੀਆਂ ਦੇ ਮੌਸਮ 'ਚ ਅਚਾਰ ਨੁਕਸਾਨਦੇਹ ਹੋ ਸਕਦਾ ਹੈ। ਇਸ 'ਚ ਸੋਡੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਸੋਜ ਅਤੇ ਬਲੋਟਿੰਗ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਤੁਸੀਂ ਹਰ ਰੋਜ਼ ਅਚਾਰ ਖਾਂਦੇ ਹੋ, ਤਾਂ ਭੋਜਨ ਨਾ ਪਚਨ ਵਰਗੀ ਸਮੱਸਿਆ ਵੀ ਹੋ ਸਕਦੀ ਹੈ।