ਹੈਦਰਾਬਾਦ:ਮੀਂਹ ਦਾ ਮੌਸਮ ਆਉਂਦੇ ਹੀ ਘਰ ਵਿੱਚ ਮੱਖੀਆਂ ਵੀ ਆਉਣ ਲੱਗਦੀਆਂ ਹਨ। ਮੱਖੀਆਂ ਰਸੋਈ, ਬਾਥਰੂਮ, ਹਾਲ ਆਦਿ ਹਰ ਪਾਸੇ ਨਜ਼ਰ ਆਉਂਦੀਆਂ ਅਤੇ ਪਰੇਸ਼ਾਨ ਕਰਦੀਆਂ ਹਨ। ਮੱਖੀਆਂ ਭੋਜਨ ਨੂੰ ਵੀ ਦੂਸ਼ਿਤ ਕਰਦੀਆਂ ਹਨ, ਜਿਸ ਕਰਕੇ ਤੁਸੀਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਇਨ੍ਹਾਂ 'ਚ ਹੈਜ਼ਾ ਅਤੇ ਪੇਚਸ਼ ਵਰਗੀਆਂ ਕਈ ਸਿਹਤ ਸਮੱਸਿਆਵਾਂ ਸ਼ਾਮਲ ਹਨ।
ਹਾਲਾਂਕਿ, ਕੁਝ ਲੋਕ ਇਨ੍ਹਾਂ ਮੱਖੀਆਂ ਨੂੰ ਭਜਾਉਣ ਲਈ ਬਾਜ਼ਾਰ ਵਿੱਚ ਉਪਲਬਧ ਰਸਾਇਣਕ ਸਪਰੇਆਂ ਦੀ ਵਰਤੋਂ ਕਰਦੇ ਹਨ। ਪਰ ਜ਼ਿਆਦਾ ਰਸਾਇਣਕ ਸਪਰੇਅ ਦੀ ਵਰਤੋਂ ਕਰਨਾ ਸਿਹਤ ਲਈ ਚੰਗਾ ਨਹੀਂ ਹੈ। ਇਸ ਨਾਲ ਕਈ ਸਿਹਤ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਇਸ ਲਈ ਤੁਸੀਂ ਘਰ ਵਿੱਚ ਉਪਲਬਧ ਕੁਦਰਤੀ ਉਤਪਾਦਾਂ ਨਾਲ ਮੱਖੀਆਂ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ।
ਮੱਖੀਆਂ ਤੋਂ ਛੁਟਕਾਰਾ ਪਾਉਣ ਦੇ ਤਰੀਕੇ:
ਲੂਣ ਵਾਲਾ ਪਾਣੀ:ਲੂਣ ਵਾਲਾ ਪਾਣੀ ਮੱਖੀਆਂ ਨੂੰ ਭਜਾਉਣ 'ਚ ਮਦਦਗਾਰ ਹੁੰਦਾ ਹੈ। ਇਸ ਲਈ ਇੱਕ ਸਪਰੇਅ ਬੋਤਲ ਨੂੰ ਪਾਣੀ ਨਾਲ ਭਰ ਲਓ ਅਤੇ ਇਸ ਵਿੱਚ ਦੋ ਚਮਚ ਲੂਣ ਦੇ ਪਾਓ। ਫਿਰ ਜਿੱਥੇ ਮੱਖੀਆਂ ਮੋਜ਼ੂਦ ਹਨ, ਉੱਥੇ ਇਸ ਸਪਰੇਅ ਦਾ ਛਿੜਕਾਅ ਕਰੋ। ਜੇਕਰ ਤੁਸੀਂ ਫਰਸ਼ ਦੀ ਸਫਾਈ ਕਰਦੇ ਸਮੇਂ ਲੂਣ ਵਾਲੇ ਪਾਣੀ ਨਾਲ ਫਰਸ਼ ਨੂੰ ਸਾਫ਼ ਕਰਦੇ ਹੋ, ਤਾਂ ਵੀ ਤੁਹਾਨੂੰ ਵਧੀਆ ਨਤੀਜੇ ਮਿਲਣਗੇ।
ਕਪੂਰ ਪਾਊਡਰ: ਆਰਤੀ ਲਈ ਵਰਤੇ ਜਾਣ ਵਾਲੇ ਕਪੂਰ ਦੀ ਵਰਤੋ ਮੱਖੀਆਂ ਨੂੰ ਭਜਾਉਣ ਲਈ ਵੀ ਕੀਤੀ ਜਾ ਸਕਦੀ ਹੈ। ਇਸ ਲਈ ਕਪੂਰ ਦੇ ਗੋਲੇ ਲਓ ਅਤੇ ਉਨ੍ਹਾਂ ਨੂੰ ਬਾਰੀਕ ਪੀਸ ਲਓ। ਫਿਰ ਇਸ ਪਾਊਡਰ ਨੂੰ ਪਾਣੀ 'ਚ ਮਿਲਾ ਕੇ ਸਪ੍ਰੇ ਬੋਤਲ 'ਚ ਭਰ ਲਓ। ਜਿੱਥੇ ਮੱਖੀਆਂ ਦਿਖਾਈ ਦੇਣ, ਉੱਥੇ ਸਪਰੇਅ ਕਰੋ। ਅਜਿਹਾ ਕਰਨ ਨਾਲ ਮੱਖੀਆਂ ਤੋਂ ਛੁਟਕਾਰਾ ਮਿਲੇਗਾ।
ਤੁਲਸੀ ਦੇ ਪੱਤਿਆਂ ਦਾ ਪੇਸਟ: ਤੁਲਸੀ ਦੇ ਕੁਝ ਪੱਤੇ ਲੈ ਕੇ ਬਰੀਕ ਪੇਸਟ ਬਣਾ ਲਓ। ਇਸ ਪੇਸਟ ਨੂੰ ਪਾਣੀ 'ਚ ਮਿਲਾ ਕੇ ਸਪ੍ਰੇ ਬੋਤਲ 'ਚ ਭਰ ਲਓ। ਦਿਨ ਵਿੱਚ ਦੋ ਵਾਰ ਉਨ੍ਹਾਂ ਥਾਵਾਂ ਤੇ ਸਪਰੇਅ ਕਰੋ, ਜਿੱਥੇ ਘਰ ਵਿੱਚ ਮੱਖੀਆਂ ਮੌਜ਼ੂਦ ਹਨ। ਜੇਕਰ ਤੁਸੀਂ ਅਜਿਹਾ ਕਰੋਗੇ, ਤਾਂ ਘਰ 'ਚ ਮੱਖੀਆਂ ਨਹੀਂ ਆਉਣਗੀਆਂ।
ਦਾਲਚੀਨੀ ਪਾਊਡਰ: ਦਾਲਚੀਨੀ ਮੱਖੀਆਂ ਨੂੰ ਭਜਾਉਣ ਵਿੱਚ ਬਹੁਤ ਮਦਦਗਾਰ ਹੁੰਦੀ ਹੈ। ਇਸ ਲਈ ਸਭ ਤੋਂ ਪਹਿਲਾਂ ਕੁਝ ਦਾਲਚੀਨੀ ਦੀਆਂ ਡੰਡੀਆਂ ਲਓ ਅਤੇ ਉਨ੍ਹਾਂ ਨੂੰ ਮਿਕਸਰ 'ਚ ਪੀਸ ਲਓ। ਫਿਰ ਇਸ ਪਾਊਡਰ ਦਾ ਥੋੜ੍ਹਾ ਜਿਹਾ ਛਿੜਕਾਅ ਉਨ੍ਹਾਂ ਥਾਵਾਂ 'ਤੇ ਕਰੋ, ਜਿੱਥੇ ਮੱਖੀਆਂ ਅਕਸਰ ਆਉਂਦੀਆਂ ਹਨ।
ਦੁੱਧ ਅਤੇ ਮਿਰਚ: ਇੱਕ ਗਲਾਸ ਦੁੱਧ ਵਿੱਚ ਇੱਕ ਚੱਮਚ ਕਾਲੀ ਮਿਰਚ ਅਤੇ 2 ਚੱਮਚ ਖੰਡ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਇੱਕ ਛੋਟੇ ਭਾਂਡੇ ਵਿੱਚ ਪਾ ਲਓ। ਫਿਰ ਇਸਨੂੰ ਉਸ ਜਗ੍ਹਾਂ 'ਤੇ ਰੱਖੋ, ਜਿੱਥੇ ਮੱਖੀਆਂ ਆਉਂਦੀਆਂ ਹਨ।
ਸਿਰਕਾ: ਇੱਕ ਕਟੋਰੀ ਵਿੱਚ ਸੇਬ ਦਾ ਸਿਰਕਾ ਲਓ ਅਤੇ ਇਸ ਵਿੱਚ ਥੋੜ੍ਹਾ ਜਿਹਾ ਯੂਕਲਿਪਟਸ ਤੇਲ ਮਿਲਾਓ। ਫਿਰ ਇਸਨੂੰ ਇੱਕ ਸਪਰੇਅ ਬੋਤਲ ਵਿੱਚ ਭਰੋ ਅਤੇ ਉੱਥੇ ਸਪਰੇਅ ਕਰੋ ਜਿੱਥੇ ਮੱਖੀਆਂ ਦੀ ਜ਼ਿਆਦਾ ਸੰਭਾਵਨਾ ਹੋਵੇ। ਦਿਨ ਵਿੱਚ ਦੋ ਵਾਰ ਛਿੜਕਾਅ ਕਰਨ ਨਾਲ ਮੱਖੀਆਂ ਘਰ ਤੋਂ ਦੂਰ ਰਹਿਣਗੀਆਂ।