ਫਰੀਦਕੋਟ: ਪੰਜਾਬੀ ਸਿਨੇਮਾਂ ਖੇਤਰ ਵਿੱਚ ਬਤੌਰ ਲੇਖਕ ਅਤੇ ਨਿਰਦੇਸ਼ਕ ਆਪਣੀ ਪਹਿਚਾਣ ਬਣਾ ਚੁੱਕੇ ਇੰਦਰ ਪਾਲ ਸਿੰਘ ਹੁਣ ਆਪਣੀ ਨਵੀਂ ਨਿਰਦੇਸ਼ਿਤ ਕੀਤੀ ਫਿਲਮ 'ਸੰਗਰਾਂਦ' ਨਾਲ ਗੀਤਕਾਰ ਦੇ ਤੌਰ 'ਤੇ ਵੀ ਨਵੇਂ ਆਯਾਮ ਸਿਰਜਣ ਵੱਲ ਕਦਮ ਵਧਾ ਚੁੱਕੇ ਹਨ। ਉਨ੍ਹਾਂ ਦਾ ਇਸ ਫ਼ਿਲਮ ਵਿੱਚ ਲਿਖਿਆ ਪਹਿਲਾ ਗੀਤ 'ਮੁਹੱਲਾ' ਰਿਲੀਜ਼ ਹੋ ਚੁੱਕਾ ਹੈ, ਜਿਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਮਸ਼ਹੂਰ ਗਾਇਕ ਨਿੰਜਾ ਵੱਲੋ ਗਾਏ ਅਤੇ ਮਿਊਜ਼ਿਕ ਟੀਮ ਤਰਜ ਵੱਲੋ ਸੰਗ਼ੀਤਬਧ ਕੀਤੇ ਇਸ ਗਾਣੇ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬਿਗ ਕੈਨਵਸ ਅਧੀਨ ਫ਼ਿਲਮਬਧ ਕੀਤਾ ਗਿਆ ਹੈ।
ਇਸ ਗਾਣੇ ਨੂੰ ਲੈ ਕੇ ਲੇਖ਼ਕ, ਨਿਰਦੇਸ਼ਕ ਅਤੇ ਗੀਤਕਾਰ ਇੰਦਰ ਪਾਲ ਸਿੰਘ ਨੇ ਕਿਹਾ ਹੈ ਕਿ ਹੁਣ ਤੱਕ ਮੇਰੇ ਵੱਲੋ ਲਿਖੀਆਂ ਕਹਾਣੀਆ ਨੂੰ ਦਰਸ਼ਕਾਂ ਵੱਲੋ ਪਿਆਰ ਅਤੇ ਕਾਫ਼ੀ ਸਨੇਹ ਦਿੱਤਾ ਗਿਆ ਹੈ। ਉਮੀਦ ਕਰਦਾ ਹਾਂ ਕਿ ਹਾਲ ਹੀ ਵਿੱਚ ਮੇਰੇ ਵੱਲੋਂ ਲਿਖਿਆ ਅਤੇ ਨਿੰਜੇ ਵੱਲੋਂ ਬੁਲੰਦ ਆਵਾਜ਼ 'ਚ ਗਾਏ ਇਸ ਗੀਤ ਨੂੰ ਸਿਨੇਮਾਂ ਪ੍ਰੇਮੀਆਂ ਦਾ ਪਿਆਰ ਮਿਲੇਗਾ।
'ਵਨ ਅਬੋਵ ਫਿਲਮਜ਼' ਦੇ ਬੈਨਰ, 'ਗੈਵੀ ਚਹਿਲ ਫਿਲਮਜ਼' ਅਤੇ 'ਆਈਪੀਐਸ ਪ੍ਰੋਡਕਸ਼ਨ' ਦੇ ਸੁਯੰਕਤ ਨਿਰਮਾਣ ਅਧੀਨ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦੇ ਨਿਰਮਾਤਾ ਰੀਠੂ ਸਿੰਘ ਚੀਮਾ, ਰੀਤੂ ਸਿੰਘ ਅਤੇ ਕਰਨ ਪਾਲ ਸਿੰਘ ਹਨ ਜਦਕਿ ਇਸ ਦਾ ਨਿਰਦੇਸ਼ਨ ਲੇਖਕ ਇੰਦਰਪਾਲ ਸਿੰਘ ਦੁਆਰਾ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਦੇਵ ਖਰੌੜ ਸਟਾਰਰ ਅਤੇ ਬਿੰਨੂ ਢਿੱਲੋਂ ਵੱਲੋਂ ਨਿਰਮਿਤ ਕੀਤੀ ਗਈ ਚਰਚਿਤ ਪੰਜਾਬੀ ਫਿਲਮ 'ਜਖ਼ਮੀ' ਦਾ ਵੀ ਨਿਰਦੇਸ਼ਨ ਕਰ ਚੁੱਕੇ ਹਨ। ਜੇਕਰ ਇਸ ਪਰਿਵਾਰਕ-ਡਰਾਮਾ ਫ਼ਿਲਮ ਦੀ ਸਟਾਰ-ਕਾਸਟ ਬਾਰੇ ਗੱਲ ਕਰੀਏ, ਤਾਂ ਇਸ ਵਿੱਚ ਗੈਵੀ ਚਾਹਲ ਅਤੇ ਸ਼ਰਨ ਕੌਰ ਲੀਡ ਜੋੜੀ ਵਜੋ ਨਜ਼ਰ ਆਉਣਗੇ, ਇਨ੍ਹਾਂ ਤੋਂ ਇਲਾਵਾ ਯਾਦ ਗਰੇਵਾਲ, ਸਰਦਾਰ ਸੋਹੀ, ਮਹਾਵੀਰ ਭੁੱਲਰ, ਸ਼ਵਿੰਦਰ ਮਹਿਲ, ਗੁਰਮੀਤ ਸਾਜਨ, ਲੱਖਾ ਲਹਿਰੀ, ਗੋਬਿੰਦਾ ਸਰਦਾਰ, ਅਮਨ ਸੁਤਧਾਰ, ਗੁਰਪ੍ਰੀਤ ਭੰਗੂ, ਰੁਪਿੰਦਰ ਰੂਪੀ, ਜਪਨਜੋਤ ਕੌਰ, ਰਾਜ ਧਾਲੀਵਾਲ, ਹਰਸ਼ ਖਰੌੜ ਆਦਿ ਜਿਹੇ ਮੰਨੇ ਪ੍ਰਮੰਨੇ ਚਿਹਰੇ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਦਿਖਾਈ ਦੇਣਗੇ।
ਫਿਲਮ 'ਸੰਗਰਾਂਦ' ਦੀ ਰਿਲੀਜ਼ ਮਿਤੀ: ਫਿਲਮ 'ਸੰਗਰਾਂਦ' 22 ਮਾਰਚ ਨੂੰ ਦੇਸ਼-ਵਿਦੇਸ਼ ਦੇ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਸਬੰਧੀ ਜਾਣਕਾਰੀ ਸਾਂਝੀ ਕਰਦਿਆ ਲੇਖਕ, ਨਿਰਦੇਸ਼ਕ ਅਤੇ ਗੀਤਕਾਰ ਇੰਦਰ ਪਾਲ ਸਿੰਘ ਨੇ ਦੱਸਿਆ ਹੈ ਕਿ ਨਵੀਂ ਰੁੱਤ, ਨਵੀਂਆਂ ਪੈੜਾਂ ਦੀ ਤਰਜ਼ਮਾਨੀ ਕਰਦੀ ਇਹ ਫ਼ਿਲਮ ਪੰਜਾਬੀ ਸਿਨੇਮਾਂ ਦੇ ਮੁਹਾਂਦਰੇ ਨੂੰ ਹੋਰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾਵੇਗੀ।