ਚੰਡੀਗੜ੍ਹ:'ਜੱਟ ਐਂਡ ਜੂਲੀਅਟ 3' ਦੀ ਸਫ਼ਲਤਾ ਤੋਂ ਬਾਅਦ ਨਿਰਦੇਸ਼ਕ ਜਗਦੀਪ ਸਿੱਧੂ ਇਸ ਸਮੇਂ ਆਪਣੇ ਨਵੇਂ ਸ਼ੋਅ 'ਦਿ ਜਗਦੀਪ ਸਿੱਧੂ ਸ਼ੋਅ' ਨੂੰ ਲੈ ਕੇ ਲਗਾਤਾਰ ਚਰਚਾ ਬਟੋਰ ਰਹੇ ਹਨ। 13 ਜੁਲਾਈ ਤੋਂ ਸ਼ੁਰੂ ਹੋਏ ਇਸ ਸ਼ੋਅ ਵਿੱਚ ਹੁਣ ਤੱਕ ਕਾਫੀ ਮਸ਼ਹੂਰ ਹਸਤੀਆਂ ਹਾਜ਼ਰੀ ਲਵਾ ਚੁੱਕੀਆਂ ਹਨ।
ਹੁਣ 3 ਅਗਸਤ ਨੂੰ ਪੇਸ਼ ਕੀਤੇ ਜਾਣ ਵਾਲੇ ਐਪੀਸੋਡ ਵਿੱਚ ਜਾਣੀ-ਮਾਣੀ ਅਦਾਕਾਰਾ ਸਰਗੁਣ ਮਹਿਤਾ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਨਿਰਦੇਸ਼ਕ ਜਗਦੀਪ ਸਿੱਧੂ ਇਸ ਐਪੀਸੋਡ ਦੀਆਂ ਕੁੱਝ ਝਲਕੀਆਂ ਸਾਂਝੀਆਂ ਕਰਦੇ ਨਜ਼ਰੀ ਪਏ। ਜਿਸ ਵਿੱਚ ਉਹ ਅਦਾਕਾਰਾ ਤੋਂ ਉਸ ਦੇ ਪਸੰਦ ਦੇ ਨਿਰਦੇਸ਼ਕ ਬਾਰੇ ਪੁੱਛ ਦੇ ਹਨ।
ਇਸ ਪ੍ਰਸ਼ਨ ਦਾ ਬਿਨ੍ਹਾਂ ਕਿਸੇ ਦੇਰੀ ਲਾਏ ਅਦਾਕਾਰਾ ਝਟਪਟ ਜੁਆਬ ਦੇ ਦਿੰਦੀ ਹੈ ਅਤੇ ਕਹਿ ਦਿੰਦੀ ਹੈ ਕਿ ਮੇਰੇ ਪਸੰਦ ਦਾ ਨਿਰਦੇਸ਼ਕ ਜਗਦੀਪ ਸਿੱਧੂ ਹੈ, ਹਾਲਾਂਕਿ ਸ਼ੋਅ ਦੇ ਹੋਸਟ ਯਾਨੀ ਕਿ ਖੁਦ ਜਗਦੀਪ ਸਿੱਧੂ ਇਸ ਦਾ ਜੁਆਬ ਸੁਣ ਕੇ ਹੈਰਾਨ ਹੁੰਦੇ ਹਨ ਅਤੇ ਕਹਿੰਦੇ ਹਨ ਕਿ ਤੁਸੀਂ ਤਾਂ ਬਹੁਤ ਹੀ ਜਲਦੀ ਜੁਆਬ ਦੇ ਦਿੱਤਾ।
ਤੁਹਾਨੂੰ ਦੱਸ ਦੇਈਏ ਕਿ ਨਿਰਦੇਸ਼ਕ-ਲੇਖਕ ਜਗਦੀਪ ਸਿੱਧੂ ਨਾਲ ਸਰਗੁਣ ਮਹਿਤਾ ਨੇ 'ਕਿਸਮਤ' ਅਤੇ 'ਮੋਹ' ਵਰਗੀਆਂ ਸ਼ਾਨਦਾਰ ਫਿਲਮਾਂ ਕੀਤੀਆਂ ਹਨ, ਜਿਸ ਦੀ ਆਲੋਚਕਾਂ ਅਤੇ ਦਰਸ਼ਕਾਂ ਦੋਵਾਂ ਵੱਲੋਂ ਕਾਫੀ ਪ੍ਰਸ਼ੰਸਾ ਹੋਈ ਸੀ।
ਹੁਣ ਇਸ ਦੌਰਾਨ ਜੇਕਰ ਸਰਗੁਣ ਮਹਿਤਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਪਿਛਲੀ ਵਾਰ ਅਦਾਕਾਰਾ ਫਿਲਮ 'ਜੱਟ ਨੂੰ ਚੁੜੈਲ ਟੱਕਰੀ' ਵਿੱਚ ਗਿੱਪੀ ਗਰੇਵਾਲ ਅਤੇ ਰੂਪੀ ਗਿੱਲ ਨਾਲ ਨਜ਼ਰ ਆਈ ਸੀ। ਇਸ ਤੋਂ ਇਲਾਵਾ ਅਦਾਕਾਰਾ ਕੋਲ ਕਈ ਫਿਲਮਾਂ ਰਿਲੀਜ਼ ਲਈ ਤਿਆਰ ਹਨ, ਜਿਸ ਵਿੱਚ ਗਿੱਪੀ ਗਰੇਵਾਲ ਦੀ ਹੀ 'ਕੈਰੀ ਆਨ ਜੱਟੀਏ' ਅਤੇ ਗਿੱਪੀ ਗਰੇਵਾਲ ਨਾਲ ਹੀ ਇੱਕ ਹੋਰ 'ਸਰਬਾਲ੍ਹਾ ਜੀ' ਸ਼ਾਮਿਲ ਹਨ। ਹਾਲ ਹੀ ਵਿੱਚ ਅਦਾਕਾਰਾ ਨੇ 'ਸ਼ੌਂਕਣ ਸ਼ੌਂਕਣੇ 2' ਦੇ ਸੈੱਟ ਤੋਂ ਵੀ ਵੀਡੀਓ ਸਾਂਝੀ ਕੀਤੀ ਸੀ, ਇਸ ਫਿਲਮ ਦੇ ਅਗਲੇ ਸਾਲ ਰਿਲੀਜ਼ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।